ਜਲੰਧਰ: ਥਾਣਾ ਨੰ ਅੱਠ ਦੀ ਹੱਦ ਵਿਚ ਪੈਂਦੇ ਗੁੱਜਾ ਪੀਰ ਵਿਚ ਸਥਿਤ ਇਕ ਸੈਨੇਟਰੀ ਦੀ ਥੋਕ ਸਾਮਾਨ ਦੀ ਦੁਕਾਨ ਦੇ ਤਾਲੇ ਭੰਨ ਕੇ ਚੋਰਾਂ ਨੇ ਅੰਦਰੋਂ ਲੱਖਾਂ ਰੁਪਏ ਦਾ ਸਾਮਾਨ ਅਤੇ ਗੱਲੇ ਵਿਚ ਪਈ ਲੱਖਾਂ ਰੁਪਏ ਦੀ ਨਕਦੀ ਚੋਰੀ ਕਰ ਲਈ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਆਦੀਨਾਥ ਟਰੇਡਰਜ਼ ਲਾਠੀਮਾਰ ਮੁਹੱਲਾ ਗੁੱਜਾਪੀਰ ਦੇ ਮਾਲਕ ਧੀਰਜ ਜੈਨ ਵਾਸੀ ਸੂਰਿਆ ਐਨਕਲੇਵ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਅੱਠ ਵਜੇ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ। ਸ਼ਨਿਚਰਵਾਰ ਸਵੇਰੇ ਨੌਂ ਵਜੇ ਜਦ ਉਹ ਆਪਣੀ ਦੁਕਾਨ ਖੋਲ੍ਹਣ ਲਈ ਪਹੁੰਚੇ ਤਾਂ ਦੁਕਾਨ ਦੇ ਤਾਲੇ ਟੁੱਟੇ ਪਏ ਸਨ ਅਤੇ ਅੰਦਰ ਲੱਗਾ ਅਲਮੂਨੀਅਮ ਦਾ ਦਰਵਾਜ਼ਾ ਤੇ ਸ਼ੀਸ਼ਾ ਵੀ ਟੁੱਟਾ ਪਿਆ ਸੀ।ਜਦ ਉਨ੍ਹਾਂ ਅੰਦਰ ਜਾ ਕੇ ਦੇਖਿਆ ਤਾਂ ਅੰਦਰ ਸਾਰਾ ਸਾਮਾਨ ਖਿੱਲਰਿਆ ਪਿਆ ਸੀ।ਜਦ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਤਾਂ ਦੁਕਾਨ ਵਿਚੋਂ ਤਕਰੀਬਨ 15 ਲੱਖ ਰੁਪਏ ਦਾ ਸੈਨੇਟਰੀ ਦਾ ਸਾਮਾਨ ਅਤੇ ਗੱਲੇ ਵਿਚ ਪਈ ਪੰਜ ਲੱਖ ਰੁਪਏ ਦੀ ਨਕਦੀ ਗਾਇਬ ਸੀ।ਉਨ੍ਹਾਂ ਦੱਸਿਆ ਕਿ ਬੋਰਿਆਂ ਵਿਚ ਪਿਆ ਹੋਇਆ ਸਾਮਾਨ ਦੇ ਨਾਲ ਨਾਲ ਡਿਸਪਲੇਅ ਕੀਤਾ ਹੋਇਆ ਸਾਮਾਨ ਵੀ ਚੋਰ ਚੁੱਕ ਕੇ ਲੈ ਗਏ।ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਅੱਠ ਦੀ ਪੁਲਿਸ ਫਿੰਗਰ ਪ੍ਰਿੰਟ ਐਕਸਪਰਟ ਦੀ ਟੀਮ ਨਾਲ ਮੌਕੇ ਤੇ ਪਹੁੰਚੀ ਅਤੇ ਜਾਂਚ ਵਿਚ ਜੁੱਟ ਗਈ।ਪੁਲਿਸ ਦੁਕਾਨ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਚੋਰਾਂ ਤਕ ਪਹੁੰਚਣ ਦੀ ਕੋਸ਼ਿਸ਼ ਵਿੱਚ ਜੁਟੀ ਹੋਈ ਹੈ।
