ਚੰਡੀਗੜ੍ਹ : ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ‘ਚ ਨਵੀਂ ਆਬਕਾਰੀ ਨੀਤੀ 1 ਜੁਲਾਈ ਤੋਂ ਲਾਗੂ ਕਰ ਦਿੱਤੀ ਹੈ। ਇਸ ਕਾਰਨ ਪੰਜਾਬ ‘ਚ ਸ਼ਰਾਬ ਚੰਡੀਗੜ੍ਹ ਨਾਲੋਂ ਸਸਤੀ ਹੋ ਗਈ ਹੈ ਤੇ ਇਸ ਦਾ ਅਸਰ ਚੰਡੀਗੜ੍ਹ ਦੇ ਸ਼ਰਾਬ ਕਾਰੋਬਾਰੀਆਂ ‘ਤੇ ਵੀ ਦਿਖਾਈ ਦੇਣ ਲੱਗਾ ਹੈ।
ਪੰਜਾਬ ‘ਚ ਸ਼ਰਾਬ ਸਸਤੀ ਹੋਣ ਕਾਰਨ ਚੰਡੀਗੜ੍ਹ ‘ਚ ਸ਼ਰਾਬ ਦੀ ਵਿਕਰੀ ‘ਚ ਕਮੀ ਆਈ ਹੈ। ਚੰਡੀਗੜ੍ਹ ਦੇ ਸ਼ਰਾਬ ਠੇਕੇਦਾਰਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਨਵੀਂ ਆਬਕਾਰੀ ਨੀਤੀ ਕਾਰਨ ਚੰਡੀਗੜ੍ਹ ‘ਚ ਸ਼ਰਾਬ ਦੀ ਵਿਕਰੀ ‘ਚ 60 ਤੋਂ 70 ਫੀਸਦ ਤਕ ਦੀ ਕਮੀ ਆਈ ਹੈ। ਚੰਡੀਗੜ੍ਹ ‘ਚ ਸ਼ਰਾਬ ਸਸਤੀ ਹੋਣ ਕਾਰਨ ਪਹਿਲਾਂ ਗੁਆਂਢੀ ਸੂਬਿਆਂ ਦੇ ਲੋਕ ਸ਼ਰਾਬ ਖਰੀਦਣ ਲਈ ਆਉਂਦੇ ਸਨ ਪਰ ਹੁਣ ਚੰਡੀਗੜ੍ਹ ‘ਚ ਗੁਆਂਢੀ ਸੂਬਿਆਂ ਦੀ ਸ਼ਰਾਬ ਸ਼ਹਿਰ ਨਾਲੋਂ ਸਸਤੀ ਹੋ ਗਈ ਹੈ। ਇਸ ਕਾਰਨ ਚੰਡੀਗੜ੍ਹ ‘ਚ ਸ਼ਰਾਬ ਦੀ ਵਿਕਰੀ ਘਟੀ ਹੈ।
ਅਜਿਹੇ ‘ਚ ਠੇਕੇਦਾਰਾਂ ਨੇ ਚੰਡੀਗੜ੍ਹ ਦੀ ਆਬਕਾਰੀ ਨੀਤੀ ‘ਚ ਸੋਧ ਕਰਨ ਦੀ ਮੰਗ ਉਠਾਈ ਹੈ ਤਾਂ ਜੋ ਚੰਡੀਗੜ੍ਹ ‘ਚ ਸ਼ਰਾਬ ਦੀ ਕੀਮਤ ਗੁਆਂਢੀ ਸੂਬਿਆਂ ਦੇ ਬਰਾਬਰ ਕੀਤੀ ਜਾ ਸਕੇ ਤੇ ਸ਼ਹਿਰ ‘ਚ ਸ਼ਰਾਬ ਦੀ ਵਿਕਰੀ ‘ਤੇ ਗੁਆਂਢੀ ਸੂਬਿਆਂ ‘ਚ ਸ਼ਰਾਬ ਦੇ ਭਾਅ ਘੱਟ ਹੋਣ ਦੀ ਵਜ੍ਹਾ ਨਾਲ ਉਸ ਦਾ ਅਸਰ ਨਾ ਪਵੇ।
ਸੈਕਟਰ-9 ਦੇ ਸ਼ਰਾਬ ਠੇਕੇ ਦੇ ਮਾਲਕ ਕੁਨਾਲ ਨੇ ਦੱਸਿਆ ਕਿ ਚੰਡੀਗੜ੍ਹ, ਪੰਜਾਬ ਤੇ ਚੰਡੀਗੜ੍ਹ ਦੇ ਗੁਆਂਢੀ ਸੂਬਿਆਂ ‘ਚ ਸ਼ਰਾਬ ਦੇ ਇਕ ਪੇਟੀ ‘ਤੇ ਦੋ ਤੋਂ ਤਿੰਨ ਹਜ਼ਾਰ ਰੁਪਏ ਦਾ ਫਰਕ ਆਇਆ ਹੈ। ਪੰਜਾਬ ਦੇ ਮੁਕਾਬਲੇ ਚੰਡੀਗੜ੍ਹ ‘ਚ ਸ਼ਰਾਬ ਦਾ ਇਕ ਪੇਟੀ ਦੋ ਤੋਂ ਤਿੰਨ ਹਜ਼ਾਰ ਰੁਪਏ ਮਹਿੰਗੀ ਹੈ। ਅਜਿਹੇ ‘ਚ ਲੋਕ ਚੰਡੀਗੜ੍ਹ ਤੋਂ ਸ਼ਰਾਬ ਖਰੀਦਣ ਦੀ ਬਜਾਏ ਪੰਜਾਬ ਦੇ ਨੇੜਲੇ ਸ਼ਹਿਰਾਂ ਤੋਂ ਸ਼ਰਾਬ ਖਰੀਦ ਰਹੇ ਹਨ।
ਦੱਸ ਦੇਈਏ ਕਿ ਚੰਡੀਗੜ੍ਹ ਦੇ ਸ਼ਰਾਬ ਕਾਰੋਬਾਰੀਆਂ ਨੇ ਇਸ ਦੇ ਵਿਰੋਧ ‘ਚ ਅੱਜ ਠੇਕੇ ਬੰਦ ਕਰ ਦਿੱਤੇ ਹਨ। ਸ਼ਹਿਰ ‘ਚ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਬੰਦ ਕਰ ਕੇ ਸ਼ਰਾਬ ਕਾਰੋਬਾਰੀ ਆਪਣਾ ਵਿਰੋਧ ਜ਼ਾਹਿਰ ਕਰ ਰਹੇ ਹਨ। ਸ਼ਹਿਰ ਦੇ ਸ਼ਰਾਬ ਕਾਰੋਬਾਰੀ ਇਸ ਮੁੱਦੇ ਨੂੰ ਲੈ ਕੇ ਅਸਿਸਟੈਂਟ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਰਣਧੀਰ ਸਿੰਘ ਨਾਲ ਮੁਲਾਕਾਤ ਕਰ ਰਹੇ ਹਨ। ਇਸ ਮੁਲਾਕਾਤ ‘ਚ ਪ੍ਰਸ਼ਾਸਨ ਵੱਲੋਂ ਫ਼ੈਸਲੇ ਲੈਣ ਤੋਂ ਬਾਅਦ ਸ਼ਰਾਬ ਕਾਰੋਬਾਰੀ ਇਹ ਤੈਅ ਕਰਨਗੇ ਕਿ ਅੱਗੇ ਵੀ ਸ਼ਹਿਰ ਦੇ ਸ਼ਰਾਬ ਠੇਕੇ ਬੰਦ ਰਹਿਣਗੇ ਜਾਂ ਉਨ੍ਹਾਂ ਦਾ ਵਿਰੋਧ ਪ੍ਰਦਰਸ਼ਨ ਵਾਪਸ ਹੋਵੇਗਾ।
