ਜਲੰਧਰ : ਵਾਲਮੀਕਿ ਭਾਈਚਾਰੇ ਨੇ 12 ਅਗਸਤ ਲਈ ਦਿੱਤਾ ਪੰਜਾਬ ਬੰਦ ਦਾ ਸੱਦਾ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ 12 ਅਗਸਤ ਨੂੰ ਪੰਜਾਬ ਬੰਦ ਨਹੀਂ ਹੋਵੇਗਾ। ਮੁੱਖ ਮੰਤਰੀ ਦੇ ਡਿਪਟੀ ਸਕੱਤਰ ਵੱਲੋਂ ਜਾਰੀ ਪੱਤਰ ਅਨੁਸਾਰ, 19 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਵਾਲਮੀਕਿ ਭਾਈਚਾਰੇ ਦੀ ਮੀਟਿੰਗ ਕਰਵਾਉਣ ਲਈ ਕਿਹਾ ਗਿਆ ਹੈ। ਇਸ ਤੋਂ ਬਾਅਦ ਭਾਈਚਾਰੇ ਨੇ ਆਪਣਾ ਐਲਾਨ ਵਾਪਸ ਲੈ ਲਿਆ।

ਜ਼ਿਕਰਯੋਗ ਹੈ ਕਿ ਵਾਲਮੀਕਿ ਟਾਈਗਰ ਫੋਰਸ ਆਲ ਇੰਡੀਆ ਤੇ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਵੱਲੋਂ ‘ਆਪ’ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੰਘ ਸਿੱਧੂ ਵੱਲੋਂ ਐੱਸਸੀ/ਬੀਸੀ ਵਰਗ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਵਿਰੋਧ ’ਚ 12 ਅਗਸਤ ਨੂੰ ਸਵੇਰੇ ਨੌਂ ਵਜੇ ਤੋਂ ਸ਼ਾਮ ਪੰਜ ਵਜੇ ਤਕ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਮਾਮਲੇ ਨੂੰ ਲੈ ਕੇ ਚੰਡੀਗੜ੍ਹ ’ਚ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨਾਲ ਮੀਟਿੰਗ ਵੀ ਹੋਈ ਸੀ। ਪਰ ਉਸ ਮੀਟਿੰਗ ਵਿਚ ਮਸਲੇ ਦਾ ਸਕਾਰਾਤਮਕ ਹੱਲ ਨਹੀਂ ਨਿਕਲਿਆ ਸੀ।
