ਚੰਡੀਗੜ੍ਹ : ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ‘ਤੇ ਉਨ੍ਹਾਂ ਪਤਨੀ ਵਲੋਂ ਲਾਏ ਦੋਸ਼ਾਂ ਤੋਂ ਬਾਅਦ ਮਾਮਲਾ ਪੰਜਾਬ ਮਹਿਲਾ ਕਮਿਸ਼ਨ ਕੋਲ ਪਹੁੰਚ ਗਿਆ ਹੈ। ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਪ੍ਰਸਾਸ਼ਨ ਤੋਂ 3 ਤੋਂ 7 ਦਿਨਾਂ ਵਿਚ ਰਿਪੋਰਟ ਮੰਗੀ ਹੈ। ਇਸ ਦੇ ਨਾਲ ਹੀ ਮਨੀਸ਼ਾ ਗੁਲਾਟੀ ਨੇ ਕਿਹਾ ਹੈ ਕਿ ਐਮਐਲਏ ਕੋਈ ਆਮ ਨਾਗਰਿਕ ਨਹੀਂ ਹੁੰਦਾ ਸਗੋਂ ਜਨਤਾ ਦਾ ਨੁਮਾਇੰਦਾ ਹੁੰਦਾ ਹੈ। ਉਹਨਾਂ ਕਿਹਾ ਕਿ ਰਿਪੋਰਟ ਮਿਲਣ ਤੋਂ ਬਾਅਦ ਦੋਵਾਂ ਧਿਰਾਂ ਨੂੰ ਇਕੱਠੇ ਬਿਠਾ ਕੇ ਮਾਮਲੇ ਦਾ ਨਿਪਟਾਰਾ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਲੋੜ ਪੈਣ ਤੇ ਪੰਜਾਬ ਸਰਕਾਰ ਦੀ ਮਦਦ ਵੀ ਲਈ ਜਾਵੇਗੀ।
ਜ਼ਿਕਰਯੋਗ ਹੈ ਕਿ ਮੰਗਲਵਾਰ ਦੇਰ ਸ਼ਾਮ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਜ਼ੀਰਕਪੁਰ ਖ਼ੇਤਰ ’ਚ ਰਹਿ ਰਹੀ ਦੂਜੀ ਪਤਨੀ ਨੇ ਜ਼ੀਰਕਪੁਰ ਥਾਣੇ ’ਚ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਖ਼ਿਲਾਫ਼ ਬਿਨਾਂ ਤਲਾਕ ਲਏ ਧੋਖੇ ਨਾਲ ਉਸ ਨਾਲ ਦੂਜਾ ਵਿਆਹ ਕਰਵਾਉਣ ਅਤੇ ਬਾਅਦ ’ਚ ਉਸ ਨਾਲ ਕੁੱਟਮਾਰ ਕਰਨ ਦੇ ਦੋਸ਼ ਲਗਾਏ ਸਨ। ਗੁਰਪ੍ਰੀਤ ਕੌਰ ਨੇ ਵਿਧਾਇਕ ਪਠਾਣਮਾਜਰਾ ’ਤੇ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਵੀ ਦੋਸ਼ ਲਗਾਏ ਸਨ।
ਗੁਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਪਿਛਲੇ ਸਾਲ 14 ਅਗਸਤ ਨੂੰ ਉਨ੍ਹਾਂ ਦਾ ਵਿਆਹ ਹੋਇਆ ਸੀ। ਇਸ ਤੋਂ ਇਲਾਵਾ ਸ਼ਾਮ ਤੋਂ ਸੋਸ਼ਲ ਮੀਡੀਆ ’ਤੇ ਅਸ਼ਲੀਲ ਵੀਡੀਓ ਵਾਇਰਲ ਹੋ ਰਹੀ ਹੈ ਜੋ ਵਿਧਾਇਕ ਪਠਾਣਮਾਜਰਾ ਦੀ ਦੱਸੀ ਜਾ ਰਹੀ (ਜਾਪਦੀ) ਹੈ। ਇਸ ਮਾਮਲੇ ’ਚ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਹੈ ਕਿ ਇਹ ਵੀਡੀਓ ਉਨ੍ਹਾਂ ਦੀ ਦੂਜੀ ਪਤਨੀ ਨੇ ਬਣਾਈ ਹੈ ਅਤੇ ਉਸ ਵਲੋਂ ਹੀ ਇਹ ਵੀਡੀਓ ਵਾਇਰਲ ਕੀਤੀ ਗਈ ਹੈ। ਵਿਧਾਇਕ ਦਾ ਕਹਿਣਾ ਹੈ ਕਿ ਇਕ ਸਾਲ ਪਹਿਲਾਂ ਉਨ੍ਹਾਂ ਦਾ ਦੂਜਾ ਵਿਆਹ ਹੋਇਆ ਸੀ। ਉਨ੍ਹਾਂ ਕਿਹਾ ਕਿ ਮੈਂ ਤਾਂ ਰਿਸ਼ਤਾ ਨਿਭਾਇਆ ਸੀ ਪਰ ਉਨ੍ਹਾਂ ਨੂੰ ਨਹੀਂ ਪਤਾ ਕਿ ਉਸਦੀ ਦੂਜੀ ਪਤਨੀ ਕਿਹੜੀਆਂ ਸਾਜਿਸ਼ਾਂ ਖੇਡ ਰਹੀ ਹੈ। ਪਠਾਣਮਾਜਰਾ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ’ਤੇ ਬਦਲੀਆਂ ਕਰਵਾਉਣ ਅਤੇ ਰਿਸ਼ਵਤ ਲੈਣ ਲਈ ਦਬਾਅ ਪਾਇਆ ਜਾ ਰਿਹਾ ਸੀ ਜਿਸ ਤੋਂ ਇਨਕਾਰ ਕਰਨ ’ਤੇ ਇਹ ਵੀਡੀਓ ਵਾਇਰਲ ਕੀਤੀ ਗਈ ਅਤੇ ਉਨ੍ਹਾਂ ਦੀ ਦੂਜੀ ਪਤਨੀ ਗੁਰਪ੍ਰੀਤ ਕੌਰ “ਸਿਆਸੀ ਵਿਰੋਧੀਆਂ ਦੇ ਸੰਪਰਕ ’ਚ ਹੈ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਨਾਲ ਪਿਛਲੇ 6-7 ਸਾਲਾਂ ਤੋਂ ਸੰਬੰਧ ਸਨ ਅਤੇ ਉਸ ਨੇ ਮੈਨੂੰ ਬਲੈਕਮੇਲ ਕਰਕੇ ਮੇਰੇ ਨਾਲ ਵਿਆਹ ਕਰਵਾਇਆ ਸੀ। ਪਠਾਣਮਾਜਰਾ ਨੇ ਕਿਹਾ ਕਿ ਦੂਜੀ ਪਤਨੀ ਉਨ੍ਹਾਂ ਖ਼ਿਲਾਫ਼ ਅਤੇ ਪਾਰਟੀ ਖ਼ਿਲਾਫ਼ ਵੀ ਪੋਸਟਾਂ ਪਾਉਂਦੀ ਰਹੀ ਹੈ। ਪਠਾਣਮਾਜਰਾ ਨੇ ਕਿਹਾ ਕਿ ਉਨ੍ਹਾਂ ਨੇ ਦੂਜੀ ਪਤਨੀ ਗੁਰਪ੍ਰੀਤ ਕੌਰ ਨੂੰ ਜ਼ੀਰਕਪੁਰ ’ਚ ਇਕ ਘਰ ਵੀ ਲੈ ਕੇ ਦਿੱਤਾ ਹੈ।
ਵਿਧਾਇਕ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਪਤਨੀ ਵੀ ਉਨ੍ਹਾਂ ਨਾਲ ਰਹਿ ਰਹੀ ਹੈ ਅਤੇ ਪਹਿਲੀ ਪਤਨੀ ਦੀ ਸਹਿਮਤੀ ਨਾਲ ਹੀ ਦੂਜਾ ਵਿਆਹ ਕਰਵਾਇਆ ਸੀ। ਇਸ ਮਾਮਲੇ ’ਚ ਵਿਧਾਇਕ ਹਰਮੀਤ ਪਠਾਣਮਾਜਰਾ ਦੀ ਦੂਸਰੀ ਪਤਨੀ ਗੁਰਪ੍ਰੀਤ ਕੌਰ ਨੇ ਪੁਲਿਸ ਤੇ ਵੀ ਉਸਦੀ ਸੁਣਵਾਈ ਨਾ ਕਰਨ ਦੇ ਦੋਸ਼ ਲਗਾਏ ਹਨ। ਉਸਨੇ ਅੱਗੇ ਕਿਹਾ ਕਿ ਉਸਦੇ ਕੋਲ ਆਪਣਾ ਵਿਆਹ ਜਾਇਜ਼ ਹੋਣ ਦੇ ਪੁਖਤਾ ਸਬੂਤ ਹਨ ਅਤੇ ਉਸਨੇ ਪੰਜਾਬ ਸਰਕਾਰ ਤੋਂ ਇਸ ਮਾਮਲੇ ’ਚ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਮਾਮਲੇ ਸੰਬਧੀ ਜ਼ੀਰਕਪੁਰ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ।
