ਅੰਮਿ੍ਤਸਰ : ਬਿਆਸ ‘ਚ ਡੇਰਾ ਰਾਧਾ ਸਵਾਮੀ ਪੈਰੋਕਾਰਾਂ ਅਤੇ ਨਿਹੰਗ ਸਿੰਘਾਂ ਵਿਚਾਲੇ ਹੋਈ ਝੜਪ ਵਿੱਚ ਕਈ ਵਿਅਕਤੀ ਜ਼ਖ਼ਮੀ ਹੋ ਗਏ ਪਰ ਕਿਸੇ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਹ ਝੜਪ ਗਾਵਾਂ ਨੂੰ ਲੈ ਕੇ ਹੋਈ ਦੱਸੀ ਜਾ ਰਹੀ ਹੈ। ਸਿਵਲ ਸਰਜਨ ਡਾ ਚਰਨਜੀਤ ਸਿੰਘ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ, ਸਿਵਲ ਹਸਪਤਾਲ ਅੰਮਿ੍ਤਸਰ ਅਤੇ ਗੁਰੂ ਨਾਨਕ ਹਸਪਤਾਲ ਅੰਮਿ੍ਤਸਰ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਰੇ ਜ਼ਖ਼ਮੀ ਇਲਾਜ ਅਧੀਨ ਹਨ ਪਰ ਕਿਸੇ ਦੇ ਮੌਤ ਹੋਣ ਸਬੰਧੀ ਚੱਲ ਰਹੀ ਅਫਵਾਹ ਸੱਚ ਨਹੀਂ ਹੈ।
