ਬਠਿੰਡਾ : ਪ੍ਰਤਾਪ ਨਗਰ ਨਿਵਾਸੀ 24 ਸਾਲਾ ਐਡਵੋਕੇਟ ‘ਤੇ ਇਕ ਲੜਕੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਉਸ ‘ਤੇ ਵਿਆਹ ਲਈ ਦਬਾਅ ਬਣਾ ਰਹੀ ਸੀ। ਇਸੇ ਪਰੇਸ਼ਾਨੀ ਦੇ ਚੱਲਦਿਆਂ ਬੀਤੇ ਐਤਵਾਰ ਨੂੰ ਨੌਜਵਾਨ ਵਕੀਲ ਨੇ ਆਪਣੇ ਘਰ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਇਸ ਮਾਮਲੇ ‘ਚ ਥਾਣਾ ਕੈਨਾਲ ਕਾਲੋਨੀ ਦੀ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ‘ਤੇ ਦੋਸ਼ੀ ਲੜਕੀ ‘ਤੇ ਖੁ਼ਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਦੋਸ਼ੀ ਲੜਕੀ ਤੇ ਉਸ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਪਿਤਾ ਦੀ ਗ੍ਰਿਫਤਾਰੀ ਬਾਕੀ ਹੈ।
ਵਿਆਹ ਲਈ ਬੇਟੇ ਨੂੰ ਕਰ ਰਹੇ ਸੀ ਮਜਬੂਰ
ਥਾਣਾ ਕੈਨਾਲ ਕਾਲੋਨੀ ਨੇੜੇ ਦੇਸ਼ ਬੰਧੂ ਨਿਵਾਸੀ ਪ੍ਰਤਾਪ ਨਗਰ ਬਠਿੰਡਾ ਨੇ ਸ਼ਿਕਾਇਤ ਦਿੱਤੀ ਕਿ ਉਸ ਦਾ 24 ਸਾਲਾ ਲੜਕਾ ਰੋਹਿਤ ਸ਼ਰਮਾ ਮੁਲਜ਼ਮ ਲੜਕੀ ਅਦਿਤੀ ਨੂੰ ਜਾਣਦਾ ਸੀ। ਦੋਵਾਂ ਦੀ ਅਕਸਰ ਗੱਲਬਾਤ ਹੁੰਦੀ ਸੀ। ਅਦਿਤੀ ਦੀ ਮਾਂ ਅਨੀਤਾ ਰਾਣੀ ਨੂੰ ਵੀ ਇਸ ਗੱਲ ਦਾ ਪਤਾ ਸੀ। ਪਿਛਲੇ ਕੁਝ ਸਮੇਂ ਤੋਂ ਲੜਕੀ ਅਦਿਤੀ, ਉਸ ਦੀ ਮਾਂ ਅਨੀਤਾ ਰਾਣੀ ਤੇ ਪਿਤਾ ਰਜਿੰਦਰ ਕੁਮਾਰ ਉਸ ਦੇ ਲੜਕੇ ਰੋਹਿਤ ਸ਼ਰਮਾ ਨੂੰ ਬਲੈਕਮੇਲ ਕਰ ਕੇ ਅਦਿਤੀ ਨਾਲ ਵਿਆਹ ਕਰਨ ਲਈ ਮਜਬੂਰ ਕਰ ਰਹੇ ਸਨ, ਜਦਕਿ ਉਸ ਦਾ ਲੜਕਾ ਮੁਲਜ਼ਮ ਲੜਕੀ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਸੀ। ਇਸ ਕਾਰਨ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿੰਦਾ ਸੀ। ਇਸ ਤੋਂ ਪਰੇਸ਼ਾਨ ਰੋਹਿਤ ਸ਼ਰਮਾ ਨੇ ਐਤਵਾਰ ਨੂੰ ਘਰ ‘ਚ ਰੱਖੀ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮਾਮਲੇ ‘ਚ ਮੁਲਜ਼ਮ ਮਾਂ ਅਨੀਤਾ ਤੇ ਲੜਕੀ ਅਦਿਤੀ ਨੂੰ ਗ੍ਰਿਫਤਾਰ ਕਰ ਲਿਆ ਹੈ।
