ਜਲੰਧਰ : ਫਰੀਦਕੋਟ ਦੀ ਜ਼ਿਲ੍ਹਾ ਅਦਾਲਤ ਨੇ ਡੇਰਾ ਸੱਚਾ ਸੌਦਾ ਸਿਰਸਾ ਦੇ ਵਕੀਲਾਂ ਵੱਲੋਂ ਪਾਈ ਗਈ ਅਰਜ਼ੀ ਦੀ ਸੁਣਵਾਈ ਕਰਦਿਆਂ ਸੰਨ 2015 ’ਚ ਬਰਗਾੜੀ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਦੋ ਭਰਾਵਾਂ ਜਸਵਿੰਦਰ ਸਿੰਘ ਤੇ ਰੁਪਿੰਦਰ ਸਿੰਘ ਦੀ ਗ੍ਰਿਫ਼ਤਾਰੀ ਅਤੇ ਰਿਹਾਈ ਸਬੰਧੀ ਪੰਜਾਬ ਸਰਕਾਰ ਤੋਂ 22 ਸਤੰਬਰ ਤਕ ਜਵਾਬ ਮੰਗਿਆ ਹੈ।
ਜ਼ਿਕਰਯੋਗ ਹੈ ਕਿ ਸੰਨ 2015 ’ਚ ਬੇਅਦਬੀ ਦੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਜਸਵਿੰਦਰ ਸਿੰਘ ਤੇ ਰੁਪਿੰਦਰ ਸਿੰਘ ਵਾਸੀ ਪਿੰਡ ਪੰਜਗਰਾਈ ਜ਼ਿਲ੍ਹਾ ਫਰੀਦਕੋਟ ਦਾ ਬੇਅਦਬੀ ਦੇ ਮਾਮਲੇ ’ਚ ਹੱਥ ਸੀ। ਇਨ੍ਹਾਂ ਦੋਵਾਂ ਵਿਅਕਤੀਆਂ ਦੀ ਗੱਲਬਾਤ ਦੀ ਇੱਕ ਆਡੀਓ ਸਾਹਮਣੇ ਆਈ ਸੀ। ਜਿਸ ਵਿੱਚ ਇਹ ਦੋਵੇਂ ਭਰਾ ਪਵਿੱਤਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਗ ਆਪਣੇ ਕੋਲ ਹੋਣ ਬਾਰੇ ਗੱਲ ਕਰ ਰਹੇ ਸਨ। ਉਸ ਸਮੇਂ ਦੇ ਏਡੀਜੀਪੀ ਇਕਬਾਲ ਸਿੰਘ ਸਹੋਤਾ ਨੇ ਬਾਕਾਇਦਾ ਪ੍ਰੈੱਸ ਕਾਨਫਰੰਸ ਕਰਕੇ ਇਸ ਗੱਲ ਦਾ ਖ਼ੁਲਾਸਾ ਕੀਤਾ ਸੀ ਕਿ ਪੁਲਿਸ ਨੇ ਬੇਅਦਬੀ ਦਾ ਮਾਮਲਾ ਹੱਲ ਕਰ ਲਿਆ ਹੈ। ਸਹੋਤਾ ਨੇ ਆਡੀਓ ਜਾਰੀ ਕਰਦਿਆਂ ਦੱਸਿਆ ਸੀ ਕਿ ਪਵਿੱਤਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਗਾਂ ਦੀ ਚੋਰੀ ਇਨ੍ਹਾਂ ਵੱਲੋਂ ਹੀ ਕੀਤੀ ਗਈ ਸੀ। ਇਨ੍ਹਾਂ ਦੋਸ਼ਾਂ ਦੇ ਆਧਾਰ ’ਤੇ ਪੁਲਿਸ ਨੇ ਇਨ੍ਹਾਂ ਦੋਵਾਂ ਭਰਾਵਾਂ ਨੂੰ ਗਿ੍ਫ਼ਤਾਰ ਕਰ ਲਿਆ ਸੀ ਪਰ ਕੁਝ ਜੱਥੇਬੰਦੀਆਂ ਦੇ ਦਬਾਅ ਕਰਕੇ ਬਾਅਦ ’ਚ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਹੁਣ ਡੇਰਾ ਸੱਚਾ ਸੌਦਾ ਦੇ ਵਕੀਲਾਂ ਨੇ ਫਰੀਦਕੋਟ ਅਦਾਲਤ ’ਚ ਅਰਜ਼ੀ ਪਾ ਕੇ ਮੰਗ ਕੀਤੀ ਹੈ ਕਿ ਪੁਲਿਸ ਉਹ ਸਾਰਾ ਰਿਕਾਰਡ ਮੁਹੱਈਆ ਕਰਵਾਏ ਜਿਸ ਦੇ ਆਧਾਰ ’ਤੇ ਪੰਜਾਬ ਪੁਲਿਸ ਨੇ ਜਸਵਿੰਦਰ ਤੇ ਰੁਪਿੰਦਰ ਨੂੰ ਪਰਚਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਸੀ ਅਤੇ ਇਸੇ ਤਰ੍ਹਾਂ ਰਿਹਾਈ ਲਈ ਜੋ ਰਿਕਾਰਡ ਹੈ ਉਹ ਵੀ ਸੌਂਪਿਆ ਜਾਵੇ।
ਡੇਰਾ ਸੱਚਾ ਸੌਦਾ ਦੇ ਵਕੀਲ ਪਹਿਲਾਂ ਵੀ ਪ੍ਰੈੱਸ ਦੇ ਵਿੱਚ ਇਸ ਗੱਲ ਦਾ ਖ਼ੁਲਾਸਾ ਕਰ ਚੁੱਕੇ ਸਨ ਕਿ ਜਸਵਿੰਦਰ ਅਤੇ ਰੁਪਿੰਦਰ ਨੇ ਸੰਨ 2015 ਵਿੱਚ ਪੰਜਾਬ ਪੁਲਿਸ ਕੋਲ ਆਪਣਾ ਇਕਬਾਲਨਾਮਾ ਵੀ ਪੇਸ਼ ਕੀਤਾ ਸੀ। ਇਸੇ ਤਰ੍ਹਾਂ ਉਸ ਸਮੇਂ ਮਾਮਲੇ ਦੀ ਜਾਂਚ ਕਰ ਰਹੇ ਡੀਆਈਜੀ ਰਣਬੀਰ ਸਿੰਘ ਖੱਟੜਾ ਨੇ ਵੀ ਇਹ ਗੱਲ ਮੀਡੀਆ ਦੇ ਸਾਹਮਣੇ ਸਪੱਸ਼ਟ ਕੀਤੀ ਸੀ ਕਿ ਪਵਿੱਤਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਗ ਇਨ੍ਹਾਂ ਦੋਵਾਂ ਭਰਾਵਾਂ ਕੋਲ ਸਨ। ਡੇਰਾ ਸੱਚਾ ਸੌਦਾ ਦੇ ਐਡਵੋਕੇਟ ਕੇਵਲ ਸਿੰਘ ਬਰਾੜ ਨੇ ਦੱਸਿਆ ਕਿ ਅਦਾਲਤ ਨੇ ਪੰਜਾਬ ਸਰਕਾਰ ਤੋਂ ਜਸਵਿੰਦਰ ਸਿੰਘ ਤੇ ਰੁਪਿੰਦਰ ਸਿੰਘ ਸਬੰਧੀ ਜਵਾਬ ਮੰਗਿਆ ਹੈ ਅਤੇ ਮਾਮਲੇ ਦੀ ਅਗਲੀ ਸੁਣਵਾਈ 22 ਸਤੰਬਰ ਨੂੰ ਹੋਵੇਗੀ।
