ਜਲੰਧਰ : ਅਗਲੇ ਮਹੀਨੇ ਤੋਂ ਸ਼ੁਰੂ ਹੋ ਰਹੇ ਫੈਸਟਿਵ ਸੀਜ਼ਨ ਦੇ ਦੌਰਾਨ ਏਅਰਪੋਰਟ ਵੋਲਵੋ ਨੂੰ ਹੋਣ ਵਾਲੀ ਕਮਾਈ ਨੇ ਪੰਜਾਬ ਰੋਡਵੇਜ਼ ਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਵਿਚਕਾਰ ਕਲੇਸ਼ ਕਰਵਾ ਦਿੱਤਾ ਹੈ। ਕਲੇਸ਼ ਦੀ ਮੁੱਖ ਵਜ੍ਹਾ ਟਾਈਮ ਟੇਬਲ ਹੈ, ਜਿਸ ਵਿਚ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਅਧਿਕਾਰੀ ਆਪਣੀ ਜ਼ਿਆਦਾ ਸੰਖਿਆ ’ਚ ਬੱਸਾਂ ਚਲਾਉਣ ਨੂੰ ਲੈ ਕੇ ਦੋ ਦਿਨ ਆਪਸ ’ਚ ਹੀ ਉਲਝਦੇ ਰਹੇ। ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੇ ਅਧਿਕਾਰੀ ਬੁੱਧਵਾਰ ਨੂੰ ਜੁਆਇੰਟ ਟਾਈਮ ਟੇਬਲ ਬਣਾਉਣ ਨੂੰ ਲੈ ਕੇ ਪੰਜਾਬ ਰੋਡਵੇਜ਼ ਮੁੱਖ ਦਫ਼ਤਰ ਵਿਚ ਪਹੁੰਚੇ ਹੋਏ ਸਨ, ਜਿਸ ਦੇ ਬਾਅਦ ਵੀਰਵਾਰ ਨੂੰ ਪੰਜਾਬ ਰੋਡਵੇਜ਼ ਜਲੰਧਰ-1 ਦੇ ਜਨਰਲ ਮੈਨੇਜਰ ਦਫ਼ਤਰ ’ਚ ਸੰਯੁਕਤ ਬੈਠਕ ਰੱਖੀ ਗਈ ਸੀ। ਇਸ ਬੈਠਕ ਦੇ ਦੌਰਾਨ ਪੀਆਰਟੀਸੀ ਦੇ ਜਨਰਲ ਮੈਨੇਜਰ ਸੁਰਿੰਦਰ ਸਿੰਘ ਅਤੇ ਪੰਜਾਬ ਰੋਡਵੇਜ਼ ਜਲੰਧਰ ਦੇ ਜਨਰਲ ਮੈਨੇਜਰ ਮਨਿੰਦਰ ਸਿੰਘ ਤੇ ਹੋਰ ਅਧਿਕਾਰੀ ਮੌਜੂਦ ਸਨ। ਮੀਟਿੰਗ ਦੇ ਦੌਰਾਨ ਅਧਿਕਾਰੀ ਆਪਸ ’ਚ ਹੀ ਉਲਝ ਪਏ, ਜਿਸ ਦੇ ਬਾਅਦ ਪੀਆਰਟੀਸੀ ਦੇ ਅਧਿਕਾਰੀ ਮੀਟਿੰਗ ਛੱਡ ਕੇ ਚਲੇ ਗਏ। ਹਾਲਾਂਕਿ ਬਾਅਦ ਵਿਚ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੇ ਵਿਚਕਾਰ ਜੁਆਇੰਟ ਟਾਈਮ ਟੇਬਲ ਬਣਾਉਣ ਨੂੰ ਲੈ ਕੇ ਸਹਿਮਤੀ ਬਣ ਗਈ। ਇਸ ਟਾਈਮ ਟੇਬਲ ਦੇ ਮੁਤਾਬਕ ਰੋਜ਼ਾਨਾ 13 ਟਾਈਮ ਪੰਜਾਬ ਰੋਡਵੇਜ਼ ਤੇ ਛੇ ਟਾਈਮ ਪੀਆਰਟੀਸੀ ਦੇ ਵੱਲੋਂ ਸੰਚਾਲਿਤ ਕੀਤੇ ਜਾਣਗੇ। ਪੰਜਾਬ ਰੋਡਵੇਜ਼ ਜਲੰਧਰ ਇਕ ਦੇ ਜਨਰਲ ਮੈਨੇਜਰ ਮਨਿੰਦਰ ਸਿੰਘ ਨੇ ਕਿਹਾ ਕਿ ਟਾਈਮ ਟੇਬਲ ਨੂੰ ਲੈ ਕੇ ਸਹਿਮਤੀ ਬਣ ਗਈ ਹੈ ਅਤੇ ਸਾਰੇ ਸਬੰਧਤਾਂ ਵੱਲੋਂ ਹਸਤਾਖਰ ਵੀ ਕਰ ਦਿੱਤੇ ਗਏ ਹਨ। ਟਾਈਮ ਟੇਬਲ ਬਣਾ ਕੇ ਡਿਪਟੀ ਡਾਇਰੈਕਟਰ ਆਪ੍ਰੇਸ਼ਨਜ਼ ਨੂੰ ਭੇਜ ਦਿੱਤਾ ਗਿਆ ਹੈ। ਮਨਜ਼ੂਰੀ ਮਿਲਣ ਤੋਂ ਬਾਅਦ ਨਵਾਂ ਟਾਈਮ ਟੇਬਲ ਲਾਗੂ ਕਰ ਦਿੱਤਾ ਜਾਵੇਗਾ।
