ਜਲੰਧਰ। ਥਾਣਾ ਭਾਰਗੋ ਕੈਂਪ ਦੀ ਹੱਦ ਵਿਚ ਪੈਂਦੇ ਨਿਊ ਮਾਡਲ ਹਾਊਸ ਵਿਚ ਬੱਚਿਆਂ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਗੁਆਂਢੀਆਂ ਨੇ ਇਕ ਵਿਅਕਤੀ ਦਾ ਸਿਰ ‘ਚ ਦਾਤਰ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਮੌਕੇ ਤੋ ਫ਼ਰਾਰ ਹੋ ਗਏ ਸਨ। ਪੁਲਿਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕੀਤੀ ਸੀ। ਸੋਮਵਾਰ ਥਾਣਾ ਪੁਲਿਸ ਨੂੰ ਉਸ ਵੇਲੇ ਸਫਲਤਾ ਮਿਲੀ ਜਦ ਉਨ੍ਹਾਂ ਨੇ ਇਸ ਮਾਮਲੇ ਦੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਅਦਿੱਤਿਆ ਕੁਮਾਰ ਨੇ ਦੱਸਿਆ ਕਿ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੂੰ ਮਾਲਾ ਬਾਈ ਪਤਨੀ ਨਾਥ ਵਾਸੀ ਨਿਊ ਮਾਡਲ ਹਾਊਸ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਪਤੀ ਰੇਹੜੀ ਲਗਾਉਂਦਾ ਹੈ ਅਤੇ 18/9/22 ਨੂੰ ਉਹ ਕੰਮ ਤੋਂ ਵਾਪਸ ਪਰਤਿਆ ਤਾਂ ਗਲੀ ਵਿੱਚ ਉਸ ਦੇ ਬੱਚਿਆਂ ਦਾ ਗੁਆਂਢੀਆਂ ਦੇ ਬੱਚਿਆਂ ਨਾਲ ਵਿਵਾਦ ਹੋ ਰਿਹਾ ਸੀ। ਉਹ ਗੁਆਂਢੀਆਂ ਦੇ ਬੱਚਿਆਂ ਨੂੰ ਸਮਝਾਉਣ ਤੋਂ ਬਾਅਦ ਵਾਪਸ ਘਰ ਅੰਦਰ ਆ ਗਿਆ। ਪਰ ਕੁਝ ਸਮਾਂ ਬਾਅਦ ਗੁਆਂਢੀ ਸ਼ੰਕਰ ਵਾਸੀ ਨਿਊ ਮਾਡਲ ਆਪਣੇ ਸਾਥੀਆਂ ਸਮੇਤ ਆਇਆ ਤੇ ਉਸ ਦੇ ਪਤੀ ਦੇ ਸਿਰ ਚ ਦਾਤਰ ਮਾਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਜ਼ਖਮੀ ਹਾਲਤ ਵਿਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਪੁਲਿਸ ਦੇ ਮਾਲਾ ਬਾਈ ਦੇ ਬਿਆਨਾਂ ਤੇ ਸ਼ੰਕਰ ਤੇ ਉਸਦੇ ਸਾਥੀਆਂ ਦੇ ਖਿਲਾਫ ਧਾਰਾ 302/452 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ। ਪਰ ਮੁਲਜ਼ਮ ਉਸੇ ਵੇਲੇ ਤੋਂ ਫਰਾਰ ਚੱਲ ਰਹੇ ਸਨ। ਸੋਮਵਾਰ ਥਾਣਾ ਭਾਰਗੋ ਕੈਂਪ ਦੇ ਮੁਖੀ ਇੰਸਪੈਕਟਰ ਰਵਿੰਦਰ ਕੁਮਾਰ ਨੇ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਸ਼ੰਕਰ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮ ਨੂੰ ਅਦਾਲਤ ਵਿਚੋਂ ਪੁਲਿਸ ਰਿਮਾਂਡ ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਉਸ ਦੇ ਸਾਥੀਆਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।