ਚੰਡੀਗਡ਼੍ਹ : ਮੁੱਖ ਮੰਤਰੀ ਭਗਵੰਤ ਮਾਨ ਦੀਵਾਲੀ ਤੋਂ ਪਹਿਲਾਂ ਆਪਣੇ ਮੰਤਰੀ ਮੰਡਲ ’ਚ ਵਿਸਥਾਰ ਕਰ ਸਕਦੇ ਹਨ। ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਨੂੰ ਪਾਰਟੀ ਹਾਈ ਕਮਾਨ ਨੇ ਕੈਬਨਿਟ ਮੰਤਰੀਆਂ ਦੀਆਂ ਤਿੰਨ ਖ਼ਾਲੀ ਪਈਆਂ ਸੀਟਾਂ ਨੂੰ ਭਰਨ ਲਈ ਕੈਬਨਿਟ ਦੇ ਵਿਸਥਾਰ ਦੀ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਮੁੱਖ ਮੰਤਰੀ ਤਿੰਨ ਵਿਧਾਇਕਾਂ ਨੂੰ ਝੰਡੀ ਵਾਲੀ ਕਾਰ ਦੇ ਕੇ ਦੀਵਾਲੀ ਦਾ ਤੋਹਫ਼ਾ ਦੇ ਸਕਦੇ ਹਨ।
ਮੰਤਰੀ ਮੰਡਲ ’ਚ ਕਿਹਡ਼ੇ ਤਿੰਨ ਵਿਧਾਇਕਾਂ ਨੂੰ ਸਥਾਨ ਮਿਲ ਸਕਦਾ ਹੈ ਇਸ ਸਬੰਧੀ ਪੁਖ਼ਤਾ ਜਾਣਕਾਰੀ ਨਹੀਂ ਮਿਲ ਸਕੀ ਪਰ ਇਹ ਤੈਅ ਹੈ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਘਿਰੇ ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਦੀ ਇਜਲਾਸ ਸਮਾਪਤ ਹੋਣ ਤੋਂ ਬਾਅਦ ਛੁੱਟੀ ਹੋ ਸਕਦੀ ਹੈ।
ਪਾਰਟੀ ਸੂਤਰਾਂ ਮੁਤਾਬਕ ਇਹ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਦੂਜੀ ਵਾਰੀ ਵਿਧਾਇਕਾ ਬਣੀ ਪ੍ਰੋ. ਬਲਜਿੰਦਰ ਕੌਰ ਅਤੇ ਸਰਬਜੀਤ ਕੌਰ ਮਾਣੂੰਕੇ ’ਚੋਂ ਕਿਸੇ ਇਕ ਨੂੰ ਮੰਤਰੀ ਮੰਡਲ ’ਚ ਸਥਾਨ ਮਿਲ ਸਕਦਾ ਹੈ। ਇਸੇ ਤਰ੍ਹਾਂ ਪ੍ਰਿੰਸੀਪਲ ਬੁੱਧ ਰਾਮ ਨੂੰ ਵੀ ਕੈਬਨਿਟ ਮੰਤਰੀ ਬਣਾਇਆ ਜਾ ਸਕਦਾ ਹੈ। ਪਾਰਟੀ ਪਹਿਲਾਂ ਹੀ ਦੂਜੀ ਵਾਰੀ ਵਿਧਾਇਕ ਬਣੇ ਕੁਲਤਾਰ ਸਿੰਘ ਸੰਧਵਾਂ ਅਤੇ ਜੈ ਕਿਸ਼ਨ ਰੋਡ਼ੀ ਨੂੰ ਕ੍ਰਮਵਾਰ ਸਪੀਕਰ ਅਤੇ ਡਿਪਟੀ ਸਪੀਕਰ ਦੇ ਅਹੁਦੇ ਤੇ ‘ਸੈੱਟ’ ਕਰ ਚੁੱਕੀ ਹੈ ਜਦ ਕਿ ਹਰਪਾਲ ਸਿੰਘ ਚੀਮਾ, ਅਮਨ ਅਰੋਡ਼ਾ ਅਤੇ ਗੁਰਮੀਤ ਸਿੰਘ ਮੀਤ ਹੇਅਰ ਨੂੰ ਕੈਬਨਿਟ ਮੰਤਰੀ ਬਣਾਇਆ ਜਾ ਚੁੱਕਾ ਹੈ। ਇਸ ਤਰ੍ਹਾਂ ਦੂਜੀ ਵਾਰੀ ਵਿਧਾਇਕ ਬਣੇ ਪ੍ਰੋ. ਬਲਜਿੰਦਰ ਕੌਰ ਅਤੇ ਪ੍ਰਿੰਸੀਪਲ ਬੁੱਧ ਰਾਮ ਨੂੰ ਮੰਤਰੀ ਮੰਡਲ ’ਚ ਥਾਂ ਮਿਲ ਸਕਦੀ ਹੈ।
ਜੇਕਰ ਫ਼ੌਜਾ ਸਿੰਘ ਸਰਾਰੀ ਦੀ ਛੁੱਟੀ ਹੋ ਜਾਂਦੀ ਹੈ ਤਾਂ ਚਾਰ ਮੰਤਰੀਆਂ ਨੂੰ ਸਹੁੰ ਚੁਕਾਈ ਜਾ ਸਕਦੀ ਹੈ। ਦੱਸਦੇ ਹਨ ਕਿ ਕਈ ਮੰਤਰੀਆਂ ਦੇ ਵਿਭਾਗਾਂ ਦੀ ਕਾਰਗੁਜ਼ਾਰੀ ਤੋਂ ਪਾਰਟੀ ਹਾਈ ਕਮਾਨ ਖ਼ੁਸ਼ ਨਹੀਂ ਹੈ ਜਿਸ ਕਰਕੇ ਤਿੰਨ ਚਾਰ ਮੰਤਰੀਆਂ ਦੇ ਵਿਭਾਗਾਂ ’ਚ ਫੇਰਬਦਲ ਕੀਤੇ ਜਾਣ ਦੀਆਂ ਸੰਭਾਵਨਾ ਹੈ।
ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਪਿਛਲੇ ਦਿਨ ਪਾਰਟੀ ਨੇ ਭਾਜਪਾ ’ਤੇ ਆਪ ਵਿਧਾਇਕਾਂ ਨੂੰ ਤੋਡ਼ਨ ਲਈ 25-25 ਕਰੋਡ਼ ਰੁਪਏ ਦੀ ਪੇਸ਼ਕਸ਼ ਦੇ ਦੋਸ਼ ਲਾਏ ਸਨ । ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਰੋਡ਼ੀ ਤੇ ਹੋਰ ਵਿਧਾਇਕਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਬਕਾਇਦਾ ਨੂੰ ਲਾਲਚ ਦੇਣ ਦੇ ਦੋਸ਼ ਤਹਿਤ ਕੇਸ ਵੀ ਦਰਜ ਕਰਵਾਇਆ ਹੈ ।
ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਗੁਜਰਾਤ ਅਤੇ ਹਿਮਾਚਲ ਚੋਣਾਂ ਨੂੰ ਲੈ ਕੇ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਗੁਜਰਾਤ ਵਿਚ ਹਰ ਹੀਲੇ ਪਾਰਟੀ ਆਪਣਾ ਪਰਚਮ ਲਹਿਰਾਉਣਾ ਚਾਹੁੰਦੀ ਹੈ।
ਵਰਨਣਯੋਗ ਹੈ ਕਿ ਪੰਜਾਬ ਮੰਤਰੀ ਮੰਡਲ ’ਚ ਮੁੱਖ ਮੰਤਰੀ ਸਮੇਤ 18 ਕੈਬਨਿਟ ਮੰਤਰੀ ਬਣਾਏ ਜਾ ਸਕਦੇ ਹਨ ਇਸ ਸਮੇਂ 14 ਕੈਬਨਿਟ ਮੰਤਰੀ ਹਨ ਅਤੇ ਤਿੰਨ ਸੀਟਾਂ ਖ਼ਾਲੀ ਪਈਆਂ ਹਨ ।
ਫ਼ੌਜਾ ਸਿੰਘ ਸਰਾਰੀ ਦੀ ਹੋ ਸਕਦੀ ਹੈ ਛੁੱਟੀ
ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਤੋਂ ਬਾਅਦ ਭ੍ਰਿਸ਼ਟਾਚਾਰ ਤੇ ਜਬਰੀ ਵਸੂਲੀ ਦੇ ਦੋਸ਼ਾਂ ’ਚ ਘਿਰੇ ਆਜ਼ਾਦੀ ਘੁਲਾਟੀਆ ਵਿਭਾਗ ਦੇ ਮੰਤਰੀ ਫ਼ੌਜਾ ਸਿੰਘ ਸਰਾਰੀ ਦੀ ਕੈਬਨਿਟ ਮੰਤਰੀ ਵਜੋਂ ਛੁੱਟੀ ਹੋ ਸਕਦੀ ਹੈ। ਸੂਤਰ ਦੱਸਦੇ ਹਨ ਕਿ ਪੰਜਾਬ ਵਿਧਾਨ ਸਭਾ ਦਾ ਇਜਲਾਸ ਖ਼ਤਮ ਹੋਣ ਤੋਂ ਬਾਅਦ ਕਦੇ ਵੀ ਫ਼ੌਜਾ ਸਿੰਘ ਸਰਾਰੀ ਨੂੰ ਕੈਬਨਿਟ ਤੋਂ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਕੱਲ੍ਹ ਫ਼ੌਜਾ ਸਿੰਘ ਸਰਾਰੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ। ਸਰਾਰੀ ਅਤੇ ਉਨ੍ਹਾਂ ਦੇ ਓਐੱਸਡੀ ਵਿਚਕਾਰ ਹੋਈ ਗੱਲਬਾਤ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਸਰਕਾਰ ਸਿਆਸੀ ਵਿਰੋਧੀਆਂ ਵੱਲੋਂ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਖਡ਼੍ਹੇ ਕੀਤੇ ਜਾ ਰਹੇ ਹਨ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸੁਖਪਾਲ ਸਿੰਘ ਖਹਿਰਾ, ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਤੇ ਕਈ ਹੋਰ ਆਗੂ ਸਰਕਾਰ ਖ਼ਾਸ ਕਰਕੇ ਮੁੱਖ ਮੰਤਰੀ ਨੂੰ ਇਸ ਗੱਲੋਂ ਘੇਰ ਰਹੇ ਹਨ ਕਿ ਜਦੋਂ ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਖ਼ਿਲਾਫ਼ ਕੋਈ ਸਾਬੂਤ ਜਨਤਕ ਨਾ ਹੋਣ ’ਤੇ ਮੰਤਰੀ ਮੰਡਲ ਤੋਂ ਬਰਖ਼ਾਸਤ ਕੀਤਾ ਜਾ ਚੁੱਕਾ ਹੈ ਤਾਂ ਇਕ ਮੰਤਰੀ ਦੀ ਆਡੀਓ ਜਨਤਕ ਹੋਣ ਦੇ ਬਾਵਜੂਦ ਕਿਉਂ ਬਚਾਇਆ ਜਾ ਰਿਹਾ ਹੈ। ਸਿਆਸੀ ਵਿਰੋਧੀ ਸਰਕਾਰ ਨੂੰ ਸਵਾਲ ਖਡ਼੍ਹੇ ਕਰ ਰਹੇ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਇਹ ਦਾਅਵਾ ਕਰ ਰਹੇ ਸਨ ਕਿ ਡਾ. ਸਿੰਗਲਾ ਬਾਰੇ ਕੁਝ ਵੀ ਜਨਤਕ ਨਹੀਂ ਹੋਇਆ। ਜੇ ਉਹ ਚਾਹੁੰਦੇ ਤਾਂ ਆਪਣੇ ਵਜ਼ੀਰ ਨੂੰ ਬਚਾਅ ਸਕਦੇ ਹਨ ਪਰ ਉਨ੍ਹਾਂ ਡਾ. ਸਿੰਗਲ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ। ਮੁੱਖ ਮੰਤਰੀ ਦੇ ਇਸ ਦਾਅਵੇ ਦੇ ਆਧਾਰ ’ਤੇ ਵਿਰੋਧੀਆਂ ਵੱਲੋ ਫੌਜਾ ਸਿੰਘ ਸਰਾਰੀ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਕਿ ਇਕ ਮੰਤਰੀ ਦੀ ਆਡੀਓ ਜਨਤਕ ਹੋਣ ਦੇ ਬਾਵਜੂਦ ਕਿਉ ਕਾਰਵਾਈ ਨਹੀਂ ਕੀਤੀ ਜਾ ਰਹੀ। ਸੂਤਰ ਦੱਸਦੇ ਹਨ ਕਿ ਵਿਧਾਨ ਸਭਾ ਇਜਲਾਸ ਤੋਂ ਬਾਅਦ ਫ਼ੌਜਾ ਸਿੰਘ ਸਰਾਰੀ ਦੀ ਛੁੱਟੀ ਹੋ ਸਕਦੀ ਹੈ।
