ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਦੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ਛਤਰ ਯੁਵਾ ਸੰਘਰਸ਼ ਸਮਿਤੀ (ਸੀਵਾਈਐਸਐਸ) ਨੇ ਪ੍ਰਧਾਨ ਦਾ ਅਹੁਦਾ ਜਿੱਤ ਲਿਆ ਹੈ। CYSS ਦੇ ਮੁੱਖ ਉਮੀਦਵਾਰ ਆਯੂਸ਼ ਖਟਕੜ PU ਦੇ ਨਵੇਂ ਸਰਤਾਜ ਬਣ ਗਏ ਹਨ। CYSS ਨੂੰ ਸਭ ਤੋਂ ਵੱਧ 2471 ਵੋਟਾਂ ਮਿਲੀਆਂ। ਪੀਯੂ ਦੇ ਵਿਦਿਆਰਥੀ ਕੇਂਦਰ ਵਿੱਚ ਜਿੱਤ ਦਾ ਜਸ਼ਨ ਮਨਾ ਰਹੇ ਹਨ। CYSS ਦੇ ਸਮਰਥਕ ਨਵੇਂ ਪ੍ਰਧਾਨ ਆਯੂਸ਼ ਖਟਕੜ ਨੂੰ ਮੋਢਿਆਂ ‘ਤੇ ਚੁੱਕ ਕੇ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ। ਪੀਯੂ ਵਿੱਚ ਅੱਜ ਦੀਵਾਲੀ ਦਾ ਮਾਹੌਲ ਬਣਿਆ ਹੋਇਆ ਹੈ। ਇਨ੍ਹਾਂ ਚੋਣਾਂ ਵਿੱਚ ਸੀਵਾਈਐੱਸਐਸ ਨੇ ਪਹਿਲੀ ਵਾਰ ਹੀ ਹਿੱਸਾ ਲਿਆ ਸੀ। ਆਪ ਨੇ ਇਨ੍ਹਾਂ ਚੋਣਾਂ ਲਈ ਨੌਜਵਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਲਗਾਇਆ ਸੀ। ਮੀਤ ਹੇਅਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ-ਭਗਵੰਤ ਮਾਨ ਦੀ ਅਗਵਾਈ ਵਿੱਚ ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਮਿਲ ਰਹੀ ਹੈ । ਉਨ੍ਹਾਂ ਉੱਤਰੀ ਭਾਰਤ ਦੇ ਵਿਦਿਆਰਥੀਆਂ ਦੀ ਵੱਡੀ ਵਿੱਦਿਅਕ ਸੰਸਥਾ ਵਿੱਚ ਆਪ ਦੀ ਜਿੱਤ ਨੂੰ ਪਾਰਟੀ ਲਈ ਅਹਿਮ ਦੱਸਿਆ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਰਵਾਇਤੀ ਪਾਰਟੀਆਂ ਤੋਂ ਮੋਹ ਪੂਰੀ ਤਰ੍ਹਾਂ ਭੰਗ ਹੋ ਚੁੱਕਿਆ ਹੈ।
ਇਸ ਤੋਂ ਪਹਿਲਾਂ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਸੀ। ਪ੍ਰੈਜ਼ੀਡੈਂਟ ਅਹੁਦੇ ਲਈ ਵੋਟਾਂ ਦੀ ਗਿਣਤੀ ਦੇ ਪਹਿਲੇ ਗੇੜ ‘ਚ CYSS ਵਿਦਿਆਰਥੀ ਸੰਗਠਨ ਨੂੰ ਸਭ ਤੋਂ ਵੱਧ 71 ਵੋਟਾਂ ਮਿਲੀਆਂ ਸਨ, ਪਰ ਦੂਜੇ ਗੇੜ ਵਿੱਚ ਐਨਐਸਯੂਆਈ ਅੱਗੇ ਸੀ। ਹੁਣ ਫਿਰ CYSS ਉਮੀਦਵਾਰ 468 ਵੋਟਾਂ ਲੈ ਕੇ ਪਹਿਲੇ ਸਥਾਨ ‘ਤੇ ਆ ਗਿਆ ਹੈ। ਦੂਜੇ ਨੰਬਰ ‘ਤੇ ਰਹੀ NSUI ਨੂੰ ਹੁਣ ਤਕ 388 ਵੋਟਾਂ ਮਿਲੀਆਂ ਹਨ। ਏਬੀਵੀਪੀ 375 ਵੋਟਾਂ ਨਾਲ ਤੀਜੇ ਨੰਬਰ ‘ਤੇ ਹੈ ਅਤੇ ਐੱਸਐੱਫਐੱਸ 308 ਵੋਟਾਂ ਨਾਲ ਚੌਥੇ ਨੰਬਰ ‘ਤੇ ਹੈ। ਪਹਿਲੇ ਗੇੜ ‘ਚ ਦੂਜੇ ਨੰਬਰ ਦੀ SFS ਨੂੰ 66 ਤੇ ਤੀਜੇ ਨੰਬਰ ABVP ਨੂੰ 44 ਵੋਟਾਂ ਮਿਲੀਆਂ ਸਨ। ਐਨਐਸਯੂਆਈ 43 ਵੋਟਾਂ ਨਾਲ ਚੌਥੇ ਨੰਬਰ ’ਤੇ ਰਹੀ। ਪ੍ਰਧਾਨਗੀ ਅਹੁਦੇ ਲਈ ਉਮੀਦਵਾਰ NSUI ਤੋਂ ਗੁਰਵਿੰਦਰ ਸਿੰਘ, CYSS ਤੋਂ ਆਯੂਸ਼ ਖਟਕੜ, ABVP-NSO ਤੋਂ ਹਰੀਸ਼ ਗੁੱਜਰ ਤੇ SFS ਤੋਂ ਭਵਨਜੋਤ ਕੌਰ ਹੈ।
ਕੈਂਪਸ ਦੇ ਜਿਮਨੇਜ਼ੀਅਮ ਹਾਲ ‘ਚ ਵੋਟਾਂ ਦੀ ਗਿਣਤੀ ਹੋ ਰਹੀ ਹੈ। ਪੀਯੂ ‘ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੀਯੂ ਵਿੱਚ ਪ੍ਰਧਾਨਗੀ ਅਹੁਦੇ ਲਈ 8 ਉਮੀਦਵਾਰ ਮੈਦਾਨ ‘ਚ ਹਨ। ਪੀਯੂ ਕੈਂਪਸ ਵਿੱਚ ਕੁੱਲ 169 ਪੋਲਿੰਗ ਬੂਥ ਬਣਾਏ ਗਏ ਸਨ। 78 ਵਿਭਾਗਾਂ ਵਿੱਚ ਵੋਟਿੰਗ ਹੋਈ। ਪੀਯੂ ਕੈਂਪਸ ਅਤੇ ਸਿਟੀ ਕਾਲਜਾਂ ‘ਚ ਨਵੀਆਂ ਵਿਦਿਆਰਥੀ ਕੌਂਸਲਾਂ ਦੇ ਗਠਨ ਲਈ ਵੋਟਿੰਗ ਸਵੇਰੇ 9.30 ਵਜੇ ਸ਼ੁਰੂ ਹੋਈ ਤੇ ਦੁਪਹਿਰ 1 ਵਜੇ ਤਕ ਜਾਰੀ ਰਹੀ। ਇਸ ਤੋਂ ਬਾਅਦ ਕਾਲਜਾਂ ‘ਚ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜੇ ਐਲਾਨ ਦਿੱਤੇ ਗਏ ਹਨ।
ਇਸ ਵਾਰ ਵਿਦਿਆਰਥੀ ਯੂਨੀਅਨ ਚੋਣਾਂ ਵਿੱਚ ਮੁੱਦਿਆਂ ਨਾਲੋਂ ਸਿਆਸੀ ਪਾਰਟੀਆਂ ਲਈ ਵੱਕਾਰ ਦਾ ਸਵਾਲ ਜ਼ਿਆਦਾ ਬਣ ਗਿਆ ਹੈ। ਸਾਰੀਆਂ ਵਿਦਿਆਰਥੀ ਜਥੇਬੰਦੀਆਂ ਦੀ ਜਿੱਤ ਦੀ ਜ਼ਿੰਮੇਵਾਰੀ ਵੱਡੇ ਆਗੂਆਂ ਨੇ ਲਈ ਹੈ। ਇਸ ਮੁਹਿੰਮ ਦੌਰਾਨ ਕਈ ਸੀਨੀਅਰ ਆਗੂਆਂ ਨੇ ਪੀਯੂ ਵਿੱਚ ਵੀ ਜ਼ੋਰਦਾਰ ਪ੍ਰਚਾਰ ਕੀਤਾ।
