ਜਲੰਧਰ : ਮਾਡਲ ਟਾਊਨ ਸ਼ਮਸ਼ਾਨਘਾਟ ਬਾਹਰ ਬਣੇ ਡੰਪ ‘ਤੇ ਮੁੜ ਕੂੜੇ ਦੇ ਢੇਰ ਲੱਗਣ ਤੋਂ ਬਾਅਦ ਜੁਆਇੰਟ ਐਕਸ਼ਨ ਕਮੇਟੀ ਨੇ ਨਾਰਾਜ਼ਗੀ ਪ੍ਰਗਟਾਈ ਹੈ। ਜੁਆਇੰਟ ਐਕਸ਼ਨ ਕਮੇਟੀ ਨੇ ਮੰਗਲਵਾਰ ਸ਼ਾਮ ਨੂੰ ਜੁਆਇੰਟ ਕਮਿਸ਼ਨਰ ਸ਼ਿਖਾ ਭਗਤ ਨਾਲ ਮੁਲਾਕਾਤ ਕੀਤੀ ਤੇ ਸਾਰੇ ਹਾਲਾਤ ਬਿਆਨ ਕੀਤੇ। ਜੁਆਇੰਟ ਐਕਸ਼ਨ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਤੋਂ ਬਾਅਦ ਜੁਆਇੰਟ ਕਮਿਸ਼ਨਰ ਸ਼ਿਖਾ ਭਗਤ ਨੇ ਨਿਰਦੇਸ਼ ਦਿੱਤਾ ਹੈ ਕਿ ਮਾਡਲ ਟਾਊਨ ਡੰਪ ‘ਤੇ ਦੁਪਹਿਰ 12 ਵਜੇ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਕੂੜਾ ਨਹੀਂ ਆਉਣ ਦਿੱਤਾ ਜਾਵੇਗਾ ਤੇ ਦੁਪਹਿਰ 2 ਵਜੇ ਤਕ ਡੰਪ ਨੂੰ ਪੂਰੀ ਤਰ੍ਹਾਂ ਨਾਲ ਸਾਫ ਕਰਨਾ ਹੋਵੇਗਾ। ਉਨ੍ਹਾਂ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਡੰਪ ‘ਤੇ ਪੱਕੇ ਤੌਰ ‘ਤੇ ਇਕ ਸੈਨੇਟਰੀ ਇੰਸਪੈਕਟਰ ਦੀ ਤਾਇਨਾਤੀ ਹੋਵੇਗੀ। ਡੰਪ ‘ਤੇ ਕਮਰਸ਼ੀਅਲ ਯੂਨਿਟ ਤੇ ਦੂਜੇ ਇਲਾਕਿਆਂ ਦਾ ਕੂੜਾ ਵੀ ਨਹੀਂ ਆਉਣ ਦਿੱਤਾ ਜਾਵੇਗਾ। ਇਥੇ ਸਿਰਫ਼ ਵਾਰਡ ਨੰਬਰ 28 ਤੇ ਵਾਰਡ ਨੰਬਰ 31 ਦਾ ਕੂੜਾ ਹੀ ਆਵੇਗਾ। ਜੁਆਇੰਟ ਐਕਸ਼ਨ ਕਮੇਟੀ ਦੇ ਮੈਂਬਰਾਂ ਜਸਵਿੰਦਰ ਸਿੰਘ ਸਾਹਨੀ, ਵਰਿੰਦਰ ਮਲਿਕ, ਆਰਪੀ ਗੰਭੀਰ, ਮਨਮੀਤ ਸਿੰਘ ਸੋਢੀ, ਰਿਟਾਇਰਡ ਕਰਨਲ ਅਮਰੀਕ ਸਿੰਘ, ਸੁਨੀਲ ਚੋਪੜਾ, ਗੁਰਪ੍ਰਰੀਤ ਸਿੰਘ, ਹਰਜਿੰਦਰ ਸਿੰਘਸ਼ ਅਸ਼ੋਕ ਸਿੱਕਾ ਦੀ ਮੰਗ ‘ਤੇ ਓਐਂਡਐੱਮ ਡਿਪਾਰਟਮੈਂਟ ਦੇ ਸੁਪਰੀਟੈਂਡੈਂਟ ਇੰਜੀਨੀਅਰ ਨੂੰ ਨਿਰਦੇਸ਼ ਦਿੱਤਾ ਹੈ ਕਿ ਡੰਪ ਕੋਲ ਡਿਚ ਮਸ਼ੀਨ ਨਾਲ ਨੁਕਸਾਨੀ ਹੋਈ ਸੀਵਰੇਜ ਲਾਈਨ ਨੂੰ ਰਿਪੇਅਰ ਕਰਵਾਇਆ ਜਾਵੇ, ਕਿਉਂਕਿ ਸੀਵਰੇਜ ਦਾ ਪਾਣੀ ਬਾਹਰ ਆਉਣ ਨਾਲ ਬਦਬੂ ਜ਼ਿਆਦਾ ਫੈਲ ਰਹੀ ਹੈ। ਜੁਆਇੰਟ ਐਕਸ਼ਨ ਕਮੇਟੀ ਨੇ ਇਕ ਵਾਰ ਫਿਰ ਕਿਹਾ ਹੈ ਕਿ ਡੰਪ ਨੂੰ ਵਾਅਦੇ ਮੁਤਾਬਕ 45 ਦਿਨਾਂ ‘ਚ ਖਤਮ ਕਰਨ ਦੀ ਹਰ ਕੋਸ਼ਿਸ਼ ਕਰਾਂਗੇ।
