ਲੁਧਿਆਣਾ : ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਬੇਜ਼ੁਬਾਨ ਉੱਪਰ ਜ਼ੁਲਮ ਕਰਨ ਵਾਲੇ ਬੀਆਰਐਸ ਨਗਰ ਦੇ ਐਫ ਬਲਾਕ ਦੇ ਇਕ ਸਕਿਓਰਿਟੀ ਗਾਰਡ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਜਗਜੀਤ ਸਿੰਘ ਨੇ ਦਸਿਆ ਕਿ ਇਹ ਐਫ ਆਈ ਆਰ ਕੂਚਾ ਹਰਨਾਮਦਾਸ ਫੀਲਡ ਗੰਜ ਦੇ ਵਾਸੀ ਮਨੀ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਦਰਜ ਕੀਤੀ ਗਈ । ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮਨੀ ਸਿੰਘ ਨੇ ਦੱਸਿਆ ਕਿ ਉਹ ਹੈਲਪ ਫਾਰ ਐਨੀਮਲ ਸੰਸਥਾ ਦੇ ਪ੍ਰਧਾਨ ਹਨ । ਦੇਰ ਰਾਤ ਉਨ੍ਹਾਂ ਦੀ ਐੱਨਜੀਓ ਦੇ ਮੈਂਬਰ ਲੱਕੀ ਮਲਹੋਤਰਾ ਨੇ ਫੋਨ ਤੇ ਸੂਚਨਾ ਕਰਕੇ ਸੂਚਨਾ ਦਿੱਤੀ ਕਿ ਇਲਾਕੇ ਵਿਚ ਇਕ ਸਕਿਓਰਿਟੀ ਗਾਰਡ ਗਲੀ ਦੇ ਕੁੱਤੇ ਨੂੰ ਫੜ ਕੇ ਬੇਰਹਿਮੀ ਨਾਲ ਕੁੱਟ ਰਿਹਾ ਹੈ । ਸੂਚਨਾ ਤੋਂ ਬਾਅਦ ਮਨੀ ਸਿੰਘ ਮੌਕੇ ਤੇ ਪਹੁੰਚੇ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ। ਮਨੀ ਸਿੰਘ ਦਾ ਕਹਿਣਾ ਹੈ ਕਿ ਸਕਿਉਰਿਟੀ ਗਾਰਡ ਨੇ ਕੁੱਤੇ ਨੂੰ ਬੇਰਹਿਮੀ ਨਾਲ ਕੁੱਟਿਆ ਅਤੇ ਤੇਜ਼ ਧਾਰ ਹਥਿਆਰ ਨਾਲ ਵਾਰ ਕਰਕੇ ਉਸ ਦੇ ਨੱਕ ਦਾ ਇੱਕ ਹਿੱਸਾ ਕੱਟ ਦਿੱਤਾ ।ਘਟਨਾ ਵਾਲੀ ਥਾਂ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਸਾਰੀਆਂ ਤਸਵੀਰਾਂ ਕੈਦ ਹੋ ਗਈਆਂ ।ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਜਗਜੀਤ ਸਿੰਘ ਦਾ ਕਹਿਣਾ ਹੈ ਕਿ ਕੇਸ ਦੀ ਤਫਤੀਸ਼ ਕੀਤੀ ਜਾ ਰਹੀ ਹੈ ।
