ਚੰਡੀਗੜ੍ਹ : ਇੰਸਪੈਕਟਰ ਜਨਰਲ ਆਫ਼ ਪੁਲਿਸ (ਹੈਡਕੁਆਰਟਰ) ਸੁਖਚੈਨ ਸਿੰਘ ਗਿੱਲ ਨੇ ਦੱਸਿਆ ਹੈ ਕਿ ਪੁਲਿਸ ਨੇ 8 ਮਹੀਨਿਆਂ ਦੌਰਾਨ 1540 ਵੱਡੇ ਅਪਰਾਧੀਆਂ ਸਮੇਤ 10576 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 529.53 ਕਿਲੋ ਹੈਰੋਇਨ ਬਰਾਮਦ ਹੋਈ ਹੈ। ਪੁਲਿਸ ਨੇ ਐਨ.ਡੀ.ਪੀ.ਐੱਸ ਐਕਟ ਤਹਿਤ 7999 ਕੇਸ ਦਰਜ ਕੀਤੇ ਹਨ, ਜਿਨ੍ਹਾਂ ਵਿਚ 915 ਵਪਾਰਕ ਮਾਮਲੇ ਸ਼ਾਮਲ ਹਨ।
ਗਿੱਲ ਨੇ ਦੱਸਿਆ ਕਿ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਗੁਜਰਾਤ ਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ 147.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ਦੌਰਾਨ ਸੱਤ ਮਹੀਨਿਆਂ ਵਿੱਚ ਹੈਰੋਇਨ ਦੀ ਕੁੱਲ ਬਰਾਮਦਗੀ 677.03 ਕਿਲੋ ਹੋ ਗਈ ਹੈ। ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਨੇ ਸੂਬੇ ਵਿੱਚੋਂ 424 ਕਿਲੋ ਅਫੀਮ, 480.24 ਕਿਲੋ ਗਾਂਜਾ, 255 ਕੁਇੰਟਲ ਭੁੱਕੀ ਤੇ 51.39 ਲੱਖ ਗੋਲੀਆਂ, ਕੈਪਸੂਲ, ਟੀਕੇ, ਫਾਰਮਾ ਓਪੀਓਡਜ਼ ਦੀਆਂ ਸ਼ੀਸ਼ੀਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਇਨ੍ਹਾਂ ਸੱਤ ਮਹੀਨਿਆਂ ਵਿਚ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਵਿਚੋਂ 10.03 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਪਿਛਲੇ ਹਫ਼ਤੇ ਵਿਚ ਪੁਲਿਸ ਨੇ 27 ਵਪਾਰਕ ਮਾਮਲਿਆਂ ਸਮੇਤ 231 ਐਫਆਈਆਰ ਦਰਜ ਕਰ ਕੇ 294 ਨਸ਼ਾ ਤਸਕਰਾਂ, ਸਪਲਾਇਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 33.60 ਕਿਲੋਗ੍ਰਾਮ ਹੈਰੋਇਨ, 10.60 ਕਿਲੋ ਅਫੀਮ, 12.75 ਕਿਲੋ ਗਾਂਜਾ, 3 ਕੁਇੰਟਲ ਭੁੱਕੀ, 37105 ਗੋਲੀਆਂ, ਕੈਪਸੂਲ, ਟੀਕੇ/ਫਾਰਮਾ ਓਪੀਓਡਜ਼ ਦੀਆਂ ਸ਼ੀਸ਼ੀਆਂ ਸਮੇਤ 33.53 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਇਵੇਂ ਹੀ ਐੱਨਡੀਪੀਐੱਸ ਕੇਸਾਂ ਵਿਚ 20 ਹੋਰ ਭਗੌੜੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਨਾਲ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 683 ਹੋ ਗਈ ਹੈ।
