ਅੰਮ੍ਰਿਤਸਰ : ‘ਹਾਏ ਮੈਂ ਮਰ ਗਈ ਹਾਂ, ਮੇਰੇ ਬੱਚਿਆਂ ’ਤੇ ਬੰਬ ਧਮਾਕੇ ਦਾ ਕੇਸ ਪਾ’ਤਾ। ਅਸੀ ਤਾਂ ਸਵੇਰ ਤੋਂ ਹੀ ਆਪਣੇ ਬੱਚਿਆਂ ਦੀ ਭਾਲ ਲਈ ਸੀਆਈਏ ਸਟਾਫ ਅਤੇ ਥਾਣਾ ਸਦਰ ਦੇ ਗੇੜੇ ਮਾਰ ਚੁੱਕੇ ਹਾਂ ਪਰ ਸਾਡੇ ਬੱਚਿਆਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਪੁਲਿਸ ਸਵੇਰੇ ਘਰ ਆਈ ਅਤੇ ਉਸ ਦੇ ਲੜਕੇ ਤੇ ਜਵਾਈ ਨੂੰ ਪੁੱਛਗਿੱਛ ਦੇ ਨਾਂ ’ਤੇ ਲੈ ਗਈ ਪਰ ਉਸ ਤੋਂ ਬਾਅਦ ਉਨ੍ਹਾਂ ਦੇ ਬੱਚਿਆਂ ਬਾਰੇ ਕੁਝ ਪਤਾ ਨਹੀਂ ਲੱਗਾ। ਹੁਣ ਤੁਸੀਂ ਸਾਡੇ ਘਰ ਆਏ ਹੋ। ਤੁਹਾਡੇ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਖ਼ਿਲਾਫ਼ ਬੰਬ ਧਮਾਕੇ ਦਾ ਕੇਸ ਪਤਾ ਦਿੱਤਾ ਗਿਆ ਹੈ।’ ਇਹ ਗੱਲਾਂ ਸ੍ਰੀ ਹਰਿਮੰਦਰ ਸਾਹਿਬ ਦੇ ਆਸਪਾਸ ਹੋਏ ਬੰਬ ਧਮਾਕਿਆਂ ਵਿਚ ਨਾਮਜ਼ਦ ਕੀਤੇ ਗਏ ਧਰਮਿੰਦਰ ਸਿੰਘ ਦੀ ਸੱਸ ਅਤੇ ਹਰਜੀਤ ਸਿੰਘ ਦੀ ਮਾਤਾ ਚਰਨਜੀਤ ਕੌਰ ਨੇ ਕਹੀਆਂ।
ਬੰਬ ਧਮਾਕੇ ਵਿਚ ਨਾਮਜ਼ਦ ਧਰਮਿੰਦਰ ਸਿੰਘ ਅਤੇ ਹਰਜੀਤ ਸਿੰਘ ਦੇ ਘਰ 88 ਫੁੱਟ ਰੋਡ ਸਥਿਤ ਸੰਧੂ ਕਾਲੋਨੀ ਵਿਚ ਜਾ ਕੇ ਦੇਖਿਆ ਤਾਂ ਇਹ ਪਰਿਵਾਰ ਇਕ ਟੁੱਟੇ-ਭੱਜੇ ਛੋਟੇ ਜਿਹੇ ਮਕਾਨ ਵਿਚ ਰਹਿ ਰਿਹਾ ਸੀ। ਇਸ ਘਰ ਵਿਚ ਸਿਰਫ਼ ਛੋਟੀ ਉਮਰ ਦੀਆਂ ਲੜਕੀਆਂ ਹੀ ਨਜ਼ਰ ਆਈਆਂ ਸਨ, ਜੋ ਇਨ੍ਹਾਂ ਗੱਲਾਂ ਤੋਂ ਅਣਜਾਣ ਸਨ। ਘਰ ਵਿਚ ਮੌਜੂਦ ਧਰਮਿੰਦਰ ਸਿੰਘ ਦੀ ਪਤਨੀ ਲਕਸ਼ਮੀ ਅਤੇ ਹਰਜੀਤ ਸਿੰਘ ਦੀ ਮਾਤਾ ਚਰਨਜੀਤ ਕੌਰ ਥਾਣੇ ਦਾ ਚੱਕਰ ਲਗਾ ਕੇ ਆਈਆਂ ਸੀ। ਜਦ ਚਰਨਜੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਰਜੀਤ ਸਿੰਘ ਉਨ੍ਹਾਂ ਦਾ ਲੜਕਾ ਹੈ ਜੋ ਲੰਬੇ ਸਮੇਂ ਤੋਂ ਠੀਕ ਨਹੀਂ ਰਹਿੰਦਾ ਅਤੇ ਹਮੇਸ਼ਾ ਸ਼ਰਾਬ ਦੇ ਨਸ਼ੇ ’ਚ ਰਹਿੰਦਾ ਹੈ। ਘਰ ਹੀ ਰਹਿੰਦਾ ਹੈ ਜਦੋਂ ਕਿ ਧਰਮਿੰਦਰ ਸਿੰਘ ਉਸ ਦੀ ਧੀ ਲਕਸ਼ਮੀ ਦਾ ਪਤੀ ਹੈ ਅਤੇ ਉਹ ਵੀ ਉਸ ਦੇ ਨਾਲ ਰਹਿੰਦਾ ਹੈ ਅਤੇ ਉਹ ਕੁਝ ਮਹੀਨਿਆਂ ਤੋਂ ਬੈਟਰੀ ਨਾਲ ਚੱਲਣ ਵਾਲਾ ਰਿਕਸ਼ਾ ਚਲਾਉਂਦਾ ਹੈ। ਹੁਣ ਉਹ ਕੁਝ ਦਿਨਾਂ ਤੋਂ ਬਿਮਾਰ ਹੈ ਅਤੇ ਉਸ ਨੂੰ ਕਾਲਾ ਪੀਲੀਆ ਵੀ ਹੋ ਗਿਆ ਹੈ।
ਵੀਰਵਾਰ ਸਵੇਰੇ ਪੁਲਿਸ ਮੁਲਾਜ਼ਮ ਉਸ ਦੇ ਘਰ ਆਏ ਅਤੇ ਜਾਂਚ ਦੇ ਨਾਂ ’ਤੇ ਉਨ੍ਹਾਂ ਨੂੰ ਲੈ ਗਏ। ਪਹਿਲਾਂ ਤਾਂ ਪੁਲਿਸ ਸਿਰਫ ਧਰਮਿੰਦਰ ਸਿੰਘ ਨੂੰ ਲੈਣ ਆਈ ਸੀ ਪਰ ਇਸ ਦੇ ਨਾਲ ਹੀ ਹਰਜੀਤ ਸਿੰਘ ਜੋ ਨਸ਼ੇ ਵਿਚ ਸੀ, ਉਸ ਨੂੰ ਵੀ ਲੈ ਗਿਆ। ਇਸ ਸਬੰਧੀ ਉਨ੍ਹਾਂ ਸੀਆਈਏ ਸਟਾਫ ਅਤੇ ਸਦਰ ਥਾਣੇ ਵਿਚ ਜਾ ਕੇ ਪੁੱਛਗਿੱਛ ਕੀਤੀ ਪਰ ਉਨ੍ਹਾਂ ਨੂੰ ਕੁਝ ਪਤਾ ਨਹੀਂ ਸੀ। ਹੁਣ ਅਸੀਂ ਥੱਕ ਕੇ ਘਰ ਆ ਗਏ।
ਧਰਮਿੰਦਰ ਅਤੇ ਹਰਜੀਤ ਸਿੰਘ ਦੋਵੇਂ ਨਸ਼ੇ ਦੇ ਆਦੀ ਹਨ। ਧਰਮਿੰਦਰ ਬੈਟਰੀ ਨਾਲ ਚੱਲਣ ਵਾਲਾ ਰਿਕਸ਼ਾ ਚਲਾਉਂਦਾ ਹੈ ਅਤੇ ਉਸ ਦੀਆਂ ਦੋ ਧੀਆਂ ਹਨ। ਹਰਜੀਤ ਸਿੰਘ, ਜਿਸ ਦੀ ਪਤਨੀ ਦਾ ਦੇਹਾਂਤ ਹੋ ਗਿਆ ਸੀ, ਉਸ ਦੀਆਂ ਦੋ ਲੜਕੀਆਂ ਵੀ ਹਨ, ਜੋ ਹੁਣ ਉਸ ਦੇ ਨਾਲ ਨਹੀਂ ਰਹਿੰਦੀਆਂ ਹਨ। ਉਹ ਵੀ ਨਸ਼ੇ ਦਾ ਆਦੀ ਹੋ ਗਿਆ ਹੈ ਅਤੇ ਸਾਰਾ ਦਿਨ ਘਰ ਹੀ ਰਹਿੰਦਾ ਹੈ।
ਘਰ ਦੇ ਹਾਲਾਤ ਅਜਿਹੇ ਹਨ ਕਿ ਇੱਕੋ ਘਰ ਵਿਚ ਕਈ ਮੈਂਬਰ ਰਹਿੰਦੇ ਹਨ। ਉਸ ਦਾ ਘਰ ਸਿਰਫ਼ 30 ਗਜ਼ ਦਾ ਬਣਿਆ ਹੋਇਆ ਹੈ, ਜੋ ਟੁੱਟਿਆ ਹੋਇਆ ਹੈ। ਧਰਮਿੰਦਰ ਸਿੰਘ ਦੀ ਪਤਨੀ ਲਕਸ਼ਮੀ ਅਤੇ ਹਰਜੀਤ ਸਿੰਘ ਦੀ ਮਾਤਾ ਚਰਨਜੀਤ ਕੌਰ ਨੇ ਰੋਂਦੇ ਹੋਏ ਦੱਸਿਆ ਕਿ ਹਰਜੀਤ ਸਿੰਘ ਅਤੇ ਧਰਮਿੰਦਰ ਸਿੰਘ ਬੇਕਸੂਰ ਹਨ। ਉਹ ਇੰਨੇ ਯੋਗ ਨਹੀਂ ਹਨ ਕਿ ਅਜਿਹੀ ਘਟਨਾ ਨੂੰ ਅੰਜਾਮ ਦੇ ਸਕਣ। ਉਹ ਬਹੁਤ ਗਰੀਬ ਹਨ। ਉਸ ਦਾ ਪਤੀ ਵੀ ਬਿਮਾਰ ਰਹਿੰਦਾ ਹੈ। ਉਹ ਰੋਂਦੇ ਹੋਏ ਪੁੱਛ ਰਹੇ ਸੀ ਕਿ ਪੁਲਿਸ ਉਸ ਦੇ ਪੁੱਤਰਾਂ ਨੂੰ ਕਦੋਂ ਛੱਡੇਗੀ। ਘਰ ਵਿਚ ਪਹਿਲਾਂ ਹੀ ਕਾਫੀ ਗਰੀਬੀ ਹੈ। ਉਹ ਅਦਾਲਤ ਦੇ ਪੈਸੇ ਵੀ ਨਹੀਂ ਦੇ ਸਕਦੇੇ। ਜੇਕਰ ਪੁਲਿਸ ਨੇ ਜਾਂਚ ਕਰਨੀ ਹੈ ਤਾਂ ਉਹ ਉਨ੍ਹਾਂ ਦੇ ਗੁਆਂਢੀਆਂ ਨੂੰ ਵੀ ਪੁੱਛ ਸਕਦੇ ਹਨ ਕਿ ਉਹ ਅਜਿਹਾ ਕੋਈ ਕੰਮ ਨਹੀਂ ਕਰਦੇ, ਜਿਸ ਦੇ ਇਲਜ਼ਾਮ ਵਿਚ ਪੁਲਿਸ ਨੇ ਉਨ੍ਹਾਂ ਨੂੰ ਫੜਿਆ ਹੋਵੇ।
