ਲੁਧਿਆਣਾ : ਸਾਜਿਸ਼ ਤਹਿਤ ਦੋ ਵਿਅਕਤੀਆਂ ਨੇ ਕਾਰੋਬਾਰੀ ਨੂੰ ਮੋਟਾ ਲੋਨ ਦਵਾਉਣ ਦਾ ਝਾਂਸਾ ਦੇ ਕੇ ਇਕ ਨਵਾਂ ਬੈਂਕ ਖਾਤਾ ਖੁਲ੍ਹਵਾਇਆ ਤੇ ਉਸ ਵਿਚ 97 ਲੱਖ ਰੁਪਇਆ ਜਮ੍ਹਾਂ ਹੋਣਾ ਦਿਖਾ ਦਿੱਤਾ। ਸਾਜ਼ਿਸ਼ਘਾੜਿਆਂ ਨੇ ਫਰਜ਼ੀ ਈ-ਮੇਲ ਆਈਡੀ ਅਤੇ ਫਰਜ਼ੀ ਮੋਬਾਈਲ ਨੰਬਰ ਦੀ ਵਰਤੋਂ ਕਰਦਿਆਂ ਕਾਰੋਬਾਰੀ ਨੂੰ ਪੁਲਿਸ ਤੇ ਇਨਕਮ ਟੈਕਸ ਵਿਭਾਗ ਦਾ ਡਰਾਵਾ ਦਿੱਤਾ ਤੇ ਉਸ ਦੇ ਭਰਾ ਕੋਲੋਂ 11 ਲੱਖ 45 ਹਜ਼ਾਰ ਰੁਪਏ ਦੀ ਨਕਦੀ ਹਾਸਲ ਕਰ ਲਈ। ਵਸੂਲੀ, ਧੋਖਾਧੜੀ ਤੇ ਆਈਟੀ ਐਕਟ ਦੇ ਇਸ ਮਾਮਲੇ ‘ਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਕੁਆਲਿਟੀ ਚੌਕ ਦੇ ਵਾਸੀ ਭਾਨੂੰ ਪ੍ਰਤਾਪ ਸਿੰਘ ਦੀ ਸ਼ਿਕਾਇਤ ਤੇ ਜਨਤਾ ਨਗਰ ਦੇ ਰਹਿਣ ਵਾਲੇ ਗੋਪੀ ਚੰਦ ਅਤੇ ਕੋਟ ਮੰਗਲ ਸਿੰਘ ਦੇ ਵਾਸੀ ਅਮਰੀਕ ਸਿੰਘ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।
ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਭਾਨੂੰ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਰੋਬਾਰ ਲਈ ਵੱਡਾ ਲੋਨ ਚਾਹੀਦਾ ਸੀ। ਦੋਵਾਂ ਮੁਲਜ਼ਮਾਂ ਨੇ ਬੜੀ ਆਸਾਨੀ ਨਾਲ ਭਾਨੂੰ ਨੂੰ ਲੋਨ ਦਵਾਉਣ ਦੀ ਗੱਲ ਆਖ ਕੇ ਉਨ੍ਹਾਂ ਨੂੰ ਝਾਂਸੇ ਵਿੱਚ ਲਿਆ ਅਤੇ ਸਾਜ਼ਿਸ਼ ਤਹਿਤ ਭਾਨੂੰ ਦੇ ਪੰਜਾਬ ਨੈਸ਼ਨਲ ਬੈਂਕ ਵਾਲੇ ਨਵੇਂ ਖਾਤੇ ਵਿਚ 97 ਲੱਖ ਰੁਪਇਆ ਦਿਖਾ ਦਿੱਤਾ।
ਮੁਲਜ਼ਮਾਂ ਨੇ ਫਰਜ਼ੀ ਈਮੇਲ ਅਤੇ ਮੋਬਾਈਲ ਫੋਨ ਦੇ ਜ਼ਰੀਏ ਕਾਰੋਬਾਰੀ ਨੂੰ ਧਮਕਾਉਣਾ ਸ਼ੁਰੂ ਕੀਤਾ। ਉਨ੍ਹਾਂ ਨੇ ਇਨਕਮ ਟੈਕਸ ਅਤੇ ਪੁਲਿਸ ਵਿਭਾਗ ਦਾ ਡਰਾਵਾ ਦਿਖਾ ਕੇ ਭਾਨੂੰ ਪਰਤਾਪ ਦੇ ਭਰਾ ਕੋਲੋਂ 11 ਲੱਖ 45 ਹਜ਼ਾਰ ਰੁਪਏ ਹਾਸਲ ਕਰ ਲਏ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸ਼ਿਮਲਾਪੁਰੀ ਦੇਹ ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਤਫਤੀਸ਼ ਦੇ ਦੌਰਾਨ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਐਫਆਈਆਰ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਵਿੱਚ ਸ਼ਨਿਚਰਵਾਰ ਦੁਪਹਿਰ ਨੂੰ ਪ੍ਰੈਸ ਕਾਨਫਰੰਸ ਕਰੇਗੀ।
