ਕਪੂਰਥਲਾ : ਪੰਜਾਬ ਵਿੱਚ ਚੱਲ ਰਹੀ ਪਨਬਸ ਅਤੇ ਪੇਪਸ ਦੀ ਬੱਸਾਂ ਦੀ ਹੜਤਾਲ ਹੁਣ ਖਤਮ ਹੋ ਗਈ ਹੈ। ਬੱਸ ਚਾਲਕਾਂ ਨੇ ਚੰਡੀਗੜ ਵਿੱਚ ਮੁੱਖ ਸਕੱਤਰ ਦੇ ਨਾਲ ਬੈਠਕ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੂੰ 10 ਦਿਨਾਂ ਵਿੱਚ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ, ਪੰਜਾਬ ਰੋਡਵੇਜ਼, ਪਨਬੱਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਰਜਿ: 25/11 ਦੀ ਹੜਤਾਲ ਦੌਰਾਨ ਪੈਨਲ ਮੀਟਿੰਗ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਦਿਲਰਾਜ ਸਿੰਘ ਸੰਧਾਵਾਲੀਆ ਅਤੇ ਪਨਬੱਸ ਪੀਆਰਟੀਸੀ ਦੇ ਉੱਚ ਅਧਿਕਾਰੀਆਂ ਸਮੇਤ ਮਿੰਨੀ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਹੋਈ।
ਮੀਟਿੰਗ ਵਿੱਚ ਯੂਨੀਅਨ ਨਾਲ ਲੰਬੀ ਵਿਚਾਰ-ਚਰਚਾ ਕਰਨ ਉਪਰੰਤ ਮੀਟਿੰਗ ਤਕਰੀਬਨ 2:00 ਵਜੇ ਸ਼ੁਰੂ ਹੋਈ ਜਿਸ ਵਿੱਚ ਇਹ ਗੱਲ ਤੈਅ ਹੋਈ ਕਿ ਸਰਕਾਰ ਪੱਧਰ ‘ਤੇ ਜੋ ਮੰਗਾਂ ਹਨ ਜਿਵੇਂ 5% ਤਨਖ਼ਾਹ ਵਾਧਾ,18/7/2014 ਦੀਆਂ ਕੰਡੀਸ਼ਨਾਂ ਵਿੱਚ ਸੋਧ, ਸੱਭਰਵਾਲ ਦੀ ਰਿਪੋਰਟ, ਆਨ ਰੂਟ ਵਰਕਰ ਦੀਆਂ ਸਰਵਿਸ ਰੂਲ ਸਬੰਧਤ ਅਤੇ ਬਲੈਕ ਲਿਸਟ ਹੋਏ ਵਰਕਰਾਂ ਦੇ ਵਨ ਟਾਈਮ ਮੌਕਾ ਦਿੰਦੇ ਹੋਏ ਲਿਖਤੀ ਪ੍ਰੋਸੀਡਿੰਗ ਦੇ ਦਿੱਤੀ ਗਈ ਅਤੇ ਇਸ ਦਾ ਹੱਲ 10/7/2023 ਤੱਕ ਕਰ ਦਿੱਤਾ ਜਾਵੇਗਾ। ਜੋ ਮੰਗਾਂ ਵਿਭਾਗ ਪੱਧਰ ‘ਤੇ ਹਨ ਜਿਵੇਂ ਤਨਖ਼ਾਹ ਘੱਟ ਵਾਲਿਆਂ ਨੂੰ ਵਾਧਾ ਦੇਣ ਸਬੰਧੀ, ਬੋਰਡ ਆਫ ਡਾਇਰੈਕਟਰਜ਼ ਵਿੱਚ ਕਰਨ ‘ਤੇ ਸਹਿਮਤੀ ਜਤਾਈ ਗਈ, ਛੋਟੀਆਂ ਰਿਪੋਰਟਾਂ ਜਿਵੇਂ ਕਿ ਕੰਡੀਸ਼ਨਾਂ ਮੁਤਾਬਿਕ 400 ਰੁਪਏ ਤੱਕ ਅਤੇ 10 ਲੀਟਰ ਤੱਕ ਦਾ ਹੱਲ ਕੁੱਝ ਦਿਨਾਂ ਵਿੱਚ ਡਾਇਰੈਕਟਰ ਸਟੇਟ ਟਰਾਂਸਪੋਰਟ ਦੇ ਪੱਧਰ ‘ਤੇ ਕਰਨ ‘ਤੇ ਸਹਿਮਤੀ ਜਤਾਈ ਜਿਸ ਦੀ ਜ਼ਿੰਮੇਵਾਰੀ ਪ੍ਰਮੁੱਖ ਸਕੱਤਰ ਟਰਾਂਸਪੋਰਟ ਵਿਭਾਗ ਨੇ ਲਈ ਅਤੇ ਇਸ ਬਾਅਦ ਇਹ ਸਹਿਮਤੀ ਬਣੀ ਕਿ ਇਸ ਹੜਤਾਲ ਨੂੰ ਸਿਰਫ ਪੌਸਟਪੌਨ ਹੀ ਕੀਤਾ ਜਾਵੇਗਾ। ਜੇਕਰ 10 ਜੁਲਾਈ ਤੱਕ ਇਹ ਮੰਗਾਂ ਲਾਗੂ ਨਾ ਹੋਈਆ ਤਾਂ ਇਸ ਪ੍ਰੋਗਰਾਮ ਨੂੰ ਦੁਬਾਰਾ ਸਟੈਂਡ ਕੀਤਾ ਜਾਵੇਗਾ ਜਿਸਦੀ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਅਧਿਕਾਰੀਆ ਦੀ ਹੋਵੇਗੀ।
ਇਸ ਮੌਕੇ ਸ੍ਰਪਰਸਤ ਹਰਜੀਤ ਸਿੰਘ ਹੀਰਾ, ਚੇਅਰਮੈਨ ਬਗੀਚਾ ਸਿੰਘ, ਸੂਬਾ ਸਹਾਇਕ ਗੁਰਵਿੰਦਰ ਸਿੰਘ, ਜਨਰਲ ਸਕੱਤਰ ਹਰਪਾਲ ਸਿੰਘ ਭੁੱਲਰ, ਸੀਨੀਅਰ ਮੀਤ ਸੁਖਬੀਰ ਸਿੰਘ ਭੁੱਲਰ, ਕੈਸ਼ੀਅਰ ਗੁਰਮੀਤ ਸਿੰਘ ਭੁੱਲਰ, ਸਹਾਇਕ ਕੈਸ਼ੀਅਰ ਅਮਨਦੀਪ ਸਿੰਘ, ਮੀਤ ਪ੍ਰਧਾਨ ਮਨਿੰਦਰ ਸਿੰਘ ਵਰਕਸ਼ਾਪ, ਗੁਰਤੇਜ ਸਿੰਘ ਮਾਣਕ, ਪ੍ਰੈਸ ਸਕੱਤਰ ਮੁਕੇਸ਼ ਕਾਲੀਆਂ, ਪਰਗਟ ਸਿੰਘ ਵਾਇਸ ਚੇਅਰਮੈਨ, ਬਲਜਿੰਦਰ ਸਿੰਘ ਆਦਿ ਡਿਪੂ ਦੇ ਆਗੂ ਅਤੇ ਵਰਕਰ ਹਾਜ਼ਰ ਸਨ।
