ਜਲੰਧਰ : ਜਲੰਧਰ-ਕਪੂਰਥਲਾ ਮਾਰਗ ‘ਤੇ ਪੈਂਦੇ ਲੈਦਰ ਕੰਪਲੈਕਸ ਨੇੜੇ ਵਾਪਰੇ ਸੜਕ ਹਾਦਸੇ ‘ਚ ਆਟੋ ਚਾਲਕ ਦੀ ਮੌਤ ਹੋ ਗਈ, ਜਦਕਿ ਆਟੋ ਸਵਾਰ ਅੌਰਤ ਤੇ ਇਕ ਹੋਰ ਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਮਿ੍ਤਕ ਆਟੋ ਚਾਲਕ ਦੀ ਪਛਾਣ ਜਗਜੀਤ ਸਿੰਘ ਵਾਸੀ ਬਾਬਾ ਨਾਮਦੇਵ ਕਾਲੋਨੀ, ਕਪੂਰਥਲਾ ਵਜੋਂ ਹੋਈ ਹੈ। ਹਾਦਸੇ ‘ਚ ਜ਼ਖ਼ਮੀਆਂ ਆਟੋ ਸਵਾਰ ਅੌਰਤ ਦੀ ਪਛਾਣ ਭੁਪਿੰਦਰ ਕੌਰ ਤੇ ਸਾਈਕਲ ਸਵਾਰ ਵਿਅਕਤੀ ਦੀ ਪਛਾਣ ਅਜੀਤ ਪਾਲ ਵਜੋਂ ਹੋਈ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਕਪੂਰਥਲਾ ਤੋਂ ਜਲੰਧਰ ਆ ਰਹੀ ਤੇਜ਼ ਰਫ਼ਤਾਰ ਪਿੰ੍ਸ ਬੱਸ ਨੰਬਰ ਪੀਬੀ-09-ਐੱਸ-7602 ਚਾਲਕ ਨੇ ਲੈਦਰ ਕੰਪਲੈਕਸ ਨਜ਼ਦੀਕ ਪਹਿਲਾਂ ਆਪਣੇ ਅੱਗੇ ਜਾ ਰਹੀ ਇਨੋਵਾ ਕਾਰ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਦਿਆਂ ਹੋਇਆਂ ਇਨੋਵਾ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਦੌਰਾਨ ਇਨੋਵਾ ਚਾਲਕ ਦਾ ਸੰਤੁਲਨ ਵਿਗੜਨ ਕਰ ਕੇ ਅੱਗੇ ਜਾ ਰਹੇ ਆਟੋ ਨਾਲ ਜਾ ਟਕਰਾਈ ਤੇ ਉੱਥੇ ਹੀ ਲੰਘ ਰਹੇ ਇਕ ਸਾਈਕਲ ਸਵਾਰ ਨੂੰ ਵੀ ਟੱਕਰ ਮਾਰ ਦਿੱਤੀ। ਦੱਸਿਆ ਜਾ ਰਿਹਾ ਕਿ ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਆਟੋ ਚਾਲਕ ਦੀ ਮੌਕੇ ‘ਤੇ ਜਲਦੀ ਕਿਸੇ ਵੱਲੋਂ ਹਸਪਤਾਲ ਨਾ ਪਹੁੰਚਾਏ ਜਾਣ ਕਰ ਕੇ ਤੜਫ਼-ਤੜਫ਼ ਕੇ ਮੌਤ ਹੋ ਗਈ। ਜਦ ਕਿ ਆਟੋ ਸਵਾਰ ਅੌਰਤ ਤੇ ਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਏ। ਖੁਸ਼ਕਿਸਮਤੀ ਨਾਲ ਕਾਰ ਚਾਲਕ ਪੂਰੀ ਤਰ੍ਹਾਂ ਸੁਰੱਖਿਅਤ ਰਿਹਾ ਜਦ ਕੇ ਉਸ ਦੀ ਕਾਰ ਨੁਕਸਾਨੀ ਗਈ।
ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਹੈਰਾਨੀ ਦੀ ਗੱਲ ਹੈ ਕਿ ਹਾਦਸੇ ਦੌਰਾਨ ਐਂਬੂਲੈਂਸ ਤਾਂ ਬੁਲਾਈ ਪਰ ਮੌਕੇ ‘ਤੇ ਐਂਬੂਲੈਂਸ ਨਹੀਂ ਪੁੱਜੀ। ਜਿਸ ਦੌਰਾਨ ਪੁਲਿਸ ਮੁਲਾਜ਼ਮ ਅੌਰਤ ਨੂੰ ਆਪਣੀ ਕਾਰ ‘ਚ ਬਿਠਾ ਕੇ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਗਿਆ। ਪਰ ਅੌਰਤ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਵੱਲੋਂ ਉਸ ਨੂੰ ਨਿੱਜੀ ਹਸਪਤਾਲ ‘ਚ ਰੈਫਰ ਕਰ ਦਿੱਤਾ। ਦੂਜੇ ਪਾਸੇ ਇਸ ਹਾਦਸੇ ਤੋਂ ਬਾਅਦ ਮਿ੍ਤਕਾਂ ਦੇ ਰਿਸ਼ਤੇਦਾਰਾਂ ਨੇ ਸਿਵਲ ਹਸਪਤਾਲ ਪਹੁੰਚ ਕੇ ਲਾਸ਼ ਨੂੰ ਬਾਹਰ ਰੱਖ ਕੇ ਪ੍ਰਸ਼ਾਸਨ ‘ਤੇ ਗੰਭੀਰ ਦੋਸ਼ ਲਾਉਂਦਿਆਂ ਹੋਇਆ ਹੰਗਾਮਾ ਕਰ ਦਿੱਤਾ ਕਿ ਘਟਨਾ ਉਪਰੰਤ ਐਂਬੂਲੈਂਸ ਮੌਕੇ ‘ਤੇ ਨਹੀਂ ਪਹੁੰਚੀ। ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਰਾਹਗੀਰਾਂ ਨੇ ਪੁਲਿਸ ਦੀ ਕਾਰ ਨੂੰ ਰਸਤੇ ‘ਚ ਰੋਕ ਕੇ ਅੌਰਤ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਨਹੀਂ ਤਾਂ ਅੌਰਤ ਦੀ ਮੌਤ ਹੋ ਜਾਣੀ ਸੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜੇਕਰ ਐਂਬੂਲੈਂਸ ਸਮੇਂ ਸਿਰ ਪਹੁੰਚ ਜਾਂਦੀ ਤਾਂ ਉਨ੍ਹਾਂ ਦੇ ਵਿਅਕਤੀ ਦੀ ਜਾਨ ਵੀ ਬਚਾਈ ਜਾ ਸਕਦੀ ਸੀ। ਇਸ ਦੌਰਾਨ ਰਿਸ਼ਤੇਦਾਰਾਂ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਜਿਸ ਕਾਰਨ ਹਸਪਤਾਲ ‘ਚ ਕਾਫੀ ਹੰਗਾਮਾ ਹੋ ਗਿਆ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਰਿਸ਼ਤੇਦਾਰਾਂ ਨੂੰ ਸਮਝਾਇਆ। ਜਿਸ ਤੋਂ ਬਾਅਦ ਰਿਸ਼ਤੇਦਾਰ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਰਾਜ਼ੀ ਹੋ ਗਏ। ਥਾਣਾ ਮਕਸੂਦਾਂ ਦੇ ਮੁਖੀ ਸਿਕੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਰੱਖੀ ਗਈ ਹੈ। ਜਿਸ ਦਾ ਅਗਲੇ ਦਿਨ ਪੋਸਟ ਮਾਰਟਮ ਕਰਵਾਇਆ ਜਾਵੇਗਾ।
ਮੌਕੇ ‘ਤੇ ਰਾਹਗੀਰਾਂ ਨੇ ਟ੍ਰੈਫਿਕ ਕੀਤਾ ਜਾਮ
ਹਾਦਸੇ ਉਪਰੰਤ ਮੌਕੇ ‘ਤੇ ਐਂਬੂਲੈਂਸ ਨਾ ਪੁੱਜਣ ਤੇ ਹਾਦਸੇ ਦਾ ਕਾਰਨ ਬਣੀ ਬੱਸ ਦਾ ਚਾਲਕ ਹੁਸ਼ਿਆਰੀ ਨਾਲ ਬੱਸ ਵਿਚੋਂ ਸਵਾਰੀਆਂ ਉਤਾਰ ਕੇ ਵਾਪਸ ਬੱਸ ਸਮੇਤ ਕਪੂਰਥਲੇ ਵੱਲ ਫ਼ਰਾਰ ਹੋਣ ‘ਤੇ ਗੁੱਸੇ ‘ਚ ਆਏ ਆਟੋ ਚਾਲਕਾਂ ਤੇ ਕੁਝ ਹੋਰ ਰਾਹਗੀਰਾਂ ਵੱਲੋਂ ਸੜਕ ‘ਤੇ ਆਵਾਜਾਈ ਰੋਕ ਦਿੱਤੀ। ਇਸ ਸਬੰਧੀ ਥਾਣਾ ਮਕਸੂਦਾਂ ਦੇ ਥਾਣਾ ਮੁਖੀ ਸਿਕੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਦੌਰਾਨ ਲੋਕਾਂ ਵੱਲੋਂ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੂੰ ਸੂਚਿਤ ਕਰਨ ਦੇ ਮੌਕੇ ‘ਤੇ ਪੁੱਜੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਕਾਫੀ ਦੇਰ ਹੱਦਬੰਦੀ ਨੂੰ ਲੈ ਕੇ ਉਲਝੀ ਰਹੀ, ਜਿਸ ਦੌਰਾਨ ਲੋਕਾਂ ਵੱਲੋਂ ਰੋਸ ਵਜੋਂ ਸੜਕ ਰੋਕ ਕੇ ਟ੍ਰੈਫਿਕ ਜਾਮ ਕਰ ਦਿੱਤਾ। ਉਨਾਂ੍ਹ ਦੱਸਿਆ ਕਿ ਜਦ ਉਨ੍ਹਾਂ ਨੂੰ ਇਸ ਹਾਦਸੇ ਦੀ ਸੂਚਨਾ ਮਿਲੀ ਤਾਂ ਉਹ ਮੰਡ ਚੌਕੀ ਦੇ ਇੰਚਾਰਜ ਸਰਬਜੀਤ ਸਿੰਘ ਤੇ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਤੇ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਵਾ ਕੇ ਟ੍ਰੈਫਿਕ ਬਹਾਲ ਕਰਵਾਇਆ ਕਰਵਾਇਆ। ਪ੍ਰਦਰਸ਼ਨਕਾਰੀ ਫ਼ਰਾਰ ਹੋਏ ਬੱਸ ਚਾਲਕ ਨੂੰ ਕਾਬੂ ਕਰਨ ਦੀ ਮੰਗ ਕਰ ਰਹੇ ਸੀ। ਉਨਾਂ੍ਹ ਦੱਸਿਆ ਕਿ ਟ੍ਰੈਫਿਕ ਜਾਮ ਕਰਨ ਦਾ ਮਿ}ਕ ਆਟੋ ਚਾਲਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਲੋਕਾਂ ਦਾ ਵਿਰੋਧ ਕੀਤਾ ਗਿਆ।
==========
ਕਪੂਰਥਲੇ ਤੋਂ ਬੱਸ ਸਮੇਤ ਚਾਲਕ ਨੂੰ ਕੀਤਾ ਕਾਬੂ
ਥਾਣਾ ਮਕਸੂਦਾਂ ਦੇ ਮੁਖੀ ਸਿਕੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਉਪਰੰਤ ਸਵਾਰੀਆਂ ਉਤਾਰ ਕੇ ਹੁਸ਼ਿਆਰੀ ਨਾਲ ਬੱਸ ਸਮੇਤ ਫ਼ਰਾਰ ਹੋਏ ਬੱਸ ਚਾਲਕ ਨੂੰ ਕਪੂਰਥਲੇ ਤੋਂ ਬੱਸ ਸਮੇਤ ਕਾਬੂ ਕਰ ਲਿਆ ਗਿਆ ਹੈ। ਮੌਕੇ ‘ਤੇ ਮੌਜੂਦ ਰਹੇ ਇਨੋਵਾ ਚਾਲਕ ਨੂੰ ਵੀ ਹਿਰਾਸਤ ‘ਚ ਲਿਆ ਗਿਆ ਹੈ।
============
ਬੱਸ ਤੇ ਇਨੋਵਾ ਕਾਰ ਚਾਲਕ ਖ਼ਿਲਾਫ਼ ਕੇਸ ਦਰਜ
ਥਾਣਾ ਮੁਖੀ ਸਿਕੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਆਟੋ ਚਾਲਕ ਦੇ ਸਹੁਰੇ ਤਰਸੇਮ ਦੱਤ ਵਾਸੀ ਪਿੰਡ ਚੱਕ ਜਿੰਦਾ, ਜਲੰਧਰ ਦੇ ਬਿਆਨਾਂ ਦੇ ਆਧਾਰ ‘ਤੇ ਬੱਸ ਚਾਲਕ ਮੱਖਣ ਸਿੰਘ ਵਾਸੀ ਹੈਬਤਪੁਰ ਿਢੱਲਵਾਂ ਤੇ ਇਨੋਵਾ ਕਾਰ ਚਾਲਕ ਪਰਮਜੀਤ ਸਿੰਘ ਵਾਸੀ ਖਾਨੋਵਾਲ, ਕਪੂਰਥਲਾ ਵਿਰੁੱਧ ਧਾਰਾ 304 ਏ,279,337,338,427 ਤਹਿਤ ਕੇਸ ਦਰਜ ਕੀਤਾ ਗਿਆ ਹੈ।
===========
ਮੇਰਾ ਕੋਈ ਕਸੂਰ ਨਹੀਂ : ਕਾਰ ਚਾਲਕ
ਇਨੋਵਾ ਕਾਰ ਚਾਲਕ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਕੋਈ ਦੋਸ਼ ਨਹੀਂ ਹੈ ਕਿਉਂਕਿ ਬੱਸ ਚਾਲਕ ਵੱਲੋਂ ਉਸ ਨੂੰ ਓਵਰਟੇਕ ਕਰਦੇ ਸਮੇਂ ਮੁਤਾਬਕ ਉਸ ਨੂੰ ਟੱਕਰ ਮਾਰੀ ਤਾਂ ਉਸ ਦਾ ਸੰਤੁਲਨ ਵਿਗੜਨ ਕਰ ਕੇ ਉਹ ਆਟੋ ਨਾਲ ਜਾ ਟਕਰਾਇਆ। ਉਸ ਦਾ ਕਹਿਣਾ ਹੈ ਕਿ ਜੇਕਰ ਉਹ ਮੁਲਜ਼ਮ ਹੁੰਦਾ ਤਾਂ ਉਹ ਮੌਕੇ ਤੋਂ ਫ਼ਰਾਰ ਹੋ ਜਾਂਦਾ। ਜਦ ਕਿ ਉਹ ਮੌਕੇ ‘ਤੇ ਮੌਜੂਦ ਰਿਹਾ। ਉਸ ਦਾ ਕਹਿਣਾ ਹੈ ਕਿ ਉਸ ਵਿਰੁੱਧ ਕੇਸ ਦਰਜ ਨਹੀਂ ਹੋਣਾ ਚਾਹੀਦਾ।
