ਜਲੰਧਰ : ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਪੰਪਾਂ ਅਤੇ ਮੁਲਾਜ਼ਮਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਨਹੀਂ ਤਾਂ ਸ਼ਾਮ 7 ਵਜੇ ਤੋਂ ਬਾਅਦ ਪੰਪ ਬੰਦ ਕਰਨ ਲਈ ਮਜਬੂਰ ਹੋਣਗੇ।
ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਕਾਰੋਬਾਰ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਵਿਚ ਨਾਕਾਮ ਰਹੀ ਹੈ, ਜਿਸ ਕਾਰਨ ਪੈਟਰੋਲ ਪੰਪਾਂ ’ਤੇ ਸੇਲਜ਼ ਸਟਾਫ਼ ‘ਚ ਘਬਰਾਹਟ ਤੇ ਦਹਿਸ਼ਤ ਦਾ ਮਾਹੌਲ ਹੈ।
ਪੁਲਿਸ ਪ੍ਰਸ਼ਾਸਨ ਸ਼ਹਿਰ ਦੇ ਮੁੱਖ ਮਾਰਗਾਂ ਤੇ ਪੈਟਰੋਲ ਪੰਪਾਂ ‘ਤੇ ਢੁਕਵੀਂ ਗਸ਼ਤ ਕਰਨ ਦੀ ਬਜਾਏ ਪੈਟਰੋਲੀਅਮ ਡੀਲਰਾਂ ਨੂੰ ਆਪਣੀ ਸੁਰੱਖਿਆ ਲਈ ਸੁਰੱਖਿਆ ਗਾਰਡ ਤਾਇਨਾਤ ਕਰਨ ਲਈ ਕਹਿ ਰਿਹਾ ਹੈ। ਪੈਟਰੋਲੀਅਮ ਡੀਲਰਾਂ ਨੇ ਪਹਿਲਾਂ ਹੀ ਆਪਣੇ ਖਰਚੇ ‘ਤੇ ਸੀਸੀਟੀਵੀ ਲਗਾਏ ਹੋਏ ਹਨ ਪਰ ਪੁਲਿਸ ਪ੍ਰਸ਼ਾਸਨ ਗਸ਼ਤ ਨੂੰ ਯਕੀਨੀ ਬਣਾਉਣ ਲਈ ਵੀ ਤਿਆਰ ਨਹੀਂ।
ਮੌਂਟੀ ਸਹਿਗਲ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਵਿੱਚ ਪੈਟਰੋਲ ਪੰਪਾਂ ’ਤੇ ਚਾਰ ਵਾਰਦਾਤਾਂ ਹੋ ਚੁੱਕੀਆਂ ਹਨ। ਹੁਸ਼ਿਆਰਪੁਰ ਦਸੂਹਾ ਰੋਡ ‘ਤੇ ਹਰਿਆਣਾ ਨੇੜੇ ਇਕ ਰਿਟੇਲ ਆਊਟਲੈਟ ਦੇ ਸੇਲਜ਼ਮੈਨ ‘ਤੇ ਚਾਰ ਗੋਲੀਆਂ ਚਲਾਈਆਂ ਗਈਆਂ।
ਸੇਲਜ਼ਮੈਨ ਨੂੰ ਦੋ ਗੋਲ਼ੀਆਂ ਲੱਗੀਆਂ ਅਤੇ ਉਹ ਜ਼ਿੰਦਗੀ ਤੇ ਮੌਤ ਨਾਲ ਜੂਝ ਰਿਹਾ ਹੈ। ਮਾਹਿਲਪੁਰ ਦੇ ਚਾਹਤ ਪੈਟਰੋਲੀਅਮ ਵਿਖੇ ਗੋਲੀਆਂ ਚਲਾ ਕੇ ਨਕਦੀ ਲੁੱਟੀ ਗਈ। ਹੁਸ਼ਿਆਰਪੁਰ ਫਗਵਾੜਾ ਰੋਡ ‘ਤੇ ਬੀਤੀ ਰਾਤ 9:20 ਵਜੇ ਹੁਸਨ ਲਾਲ ਮਕੰਦ ਲਾਲ ਅਤੋਵਾਲ ਨੂੰ ਬੰਦੂਕ ਦੇ ਜ਼ੋਰ ‘ਤੇ ਲੁੱਟ ਲਿਆ ਗਿਆ। ਬੀਤੀ ਰਾਤ ਕਰੀਬ 1 ਵਜੇ ਹੁਸ਼ਿਆਰਪੁਰ-ਫਗਵਾੜਾ ਰੋਡ ‘ਤੇ ਸਥਿਤ ਰਿਲਾਇੰਸ ਆਊਟਲੈਟ ‘ਤੇ ਦੋ ਧੜਿਆਂ ਵਿਚਕਾਰ ਲੜਾਈ ਹੋ ਗਈ। ਸ਼ਰੇਆਮ ਗੁੰਡਾਗਰਦੀ ਤੇ ਲੜਾਈ ਦੌਰਾਨ ਇੱਕ ਨੌਜਵਾਨ ਦੀ ਜਾਨ ਚਲੀ ਗਈ।
ਮੌਂਟੀ ਗੁਰਮੀਤ ਸਹਿਗਲ ਨੇ ਕਿਹਾ ਕਿ ਸਰਕਾਰ ਨੂੰ ਪੈਟਰੋਲ ਪੰਪ ਕੰਪਲੈਕਸ ਤੇ ਉਥੇ ਕੰਮ ਕਰਦੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।ਕੋਵਿਡ-19 ਵਰਗੀਆਂ ਮਹਾਮਾਰੀ ਤੋਂ ਲੈ ਕੇ ਚੋਣਾਂ ਤਕ ਤੇਲ ਮੁਹੱਈਆ ਕਰਵਾਉਣ ਲਈ ਸਰਕਾਰ ਨਾਲ ਖੜ੍ਹੇ ਹੁੰਦੇ ਰਹੇ ਹਨ ਤੇ ਆਪਣੀਆਂ ਸੇਵਾਵਾਂ ਦਿੰਦੇ ਰਹੇ ਹਨ, ਪਰ ਉਨ੍ਹਾਂ ਦੀ ਹੀ ਸੁਰੱਖਿਆ ਨੂੰ ਨਜ਼ਰਅੰਦਾਜ਼ ਕਰਨਾ ਮੰਦਭਾਗਾ ਹੈ।
