ਫਗਵਾੜਾ : ਦੇਰ ਰਾਤ ਫਗਵਾੜਾ ਦੇ ਮਹੇੜੂ ਲਾਅ ਗੇਟ ‘ਚ ਕੁਝ ਹਥਿਆਰਬੰਦ ਨੌਜਵਾਨਾਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਪੀਜੀ ਕੇਅਰ ਟੇਕਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਦੋ ਵਿਅਕਤੀਆਂ ਨੂੰ ਗੰਭੀਰ ਰੂਪ ‘ਚ ਜ਼ਖ਼ਮੀ ਕਰ ਦਿੱਤਾ, ਜਿਨ੍ਹਾਂ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ‘ਚ ਲਿਆਂਦਾ ਗਿਆ। ਇੱਥੇ ਡਾਕਟਰਾਂ ਵਲੋਂ ਇਕ ਨੌਜਵਾਨ ਦੀ ਹਾਲਤ ਗੰਭੀਰ ਹੋਣ ਕਾਰਨ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ ਜਿੱਥੇ ਇਲਾਜ ਦੌਰਾਨ ਉਕਤ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਸਰਾ ਨੌਜਵਾਨ ਸਿਵਲ ਹਸਪਤਾਲ ਫਗਵਾੜਾ ਵਿਖੇ ਜ਼ੇਰੇ ਇਲਾਜ ਹੈ। ਮੌਕੇ ‘ਤੇ ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਹੈਪੀ ਪੁੱਤਰ ਸਰਵਨ ਸਿੰਘ ਵਾਸੀ ਪਿੰਡ ਸੁਰਖਪੁਰ ਜ਼ਿਲ੍ਹਾ ਕਪੂਰਥਲਾ ਹਾਲ ਵਾਸੀ ਲਾਅ ਗੇਟ ਵਜੋਂ ਹੋਈ। ਜ਼ਖ਼ਮੀ ਦੀ ਪਛਾਣ ਅਰਜਨ ਸਿੰਘ ਰਾਣਾ ਪੁੱਤਰ ਕਰਨ ਸਿੰਘ ਰਾਣਾ ਵਾਸੀ ਲਾਅ ਗੇਟ ਵਜੋਂ ਹੋਈ।
ਡੀਐੱਸਪੀ ਫਗਵਾੜਾ ਜਸਪ੍ਰੀਤ ਸਿੰਘ, ਐੱਸਐੱਚਓ ਥਾਣਾ ਸਤਨਾਮਪੁਰਾ, ਐੱਸਐੱਚਓ ਥਾਣਾ ਸਿਟੀ ਪਲਵਿੰਦਰ ਸਿੰਘ ਵਲੋਂ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਕੇ ਮਾਮਲੇ ਸਬੰਧੀ ਜਾਣਕਾਰੀ ਹਾਸਿਲ ਕੀਤੀ ਗਈ। ਇਸ ਸਬੰਧੀ ਐੱਸਐੱਚਓ ਥਾਣਾ ਸਤਨਾਮਪੁਰਾ ਸੁਰਜੀਤ ਸਿੰਘ ਦੇ ਦੱਸਣ ਮੁਤਾਬਿਕ ਇਸ ਮਾਮਲੇ ‘ਚ 7 ਵਿਕਤੀਆਂ ਖਿਲਾਫ ਅਲੱਗ-ਅਲੱਗ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
