ਲੁਧਿਆਣਾ : ਥਾਣਾ ਕੂਮਕਲਾਂ ਦੀ ਪੁਲਿਸ ਨੇ 17 ਗ਼ਰਾਮ ਮਨੋਉਤੇਜਿਕ ਨਸ਼ੀਲੇ ਪਦਾਰਥ ਸਮੇਤ ਪਿੰਡ ਚੌਂਤਾਂ ਦੀ ਰਹਿਣ ਵਾਲੀ 52 ਸਾਲਾ ਕੁਲਵਿੰਦਰ ਕੌਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਔਰਤ ਦੇ ਖਿਲਾਫ ਐਨ ਡੀ ਪੀ ਐਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆ ਜਾਂਚ ਅਧਿਕਾਰੀ ਰਣਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਇੱਕ ਗੁਪਤ ਸੂਚਨਾ ਤੋਂ ਬਾਅਦ ਕੁਲਵਿੰਦਰ ਕੌਰ ਨੂੰ ਉਸ ਵੇਲੇ ਗਿਰਫਤਾਰ ਕੀਤਾ ਜਦੋਂ ਉਹ ਆਪਣੇ ਘਰ ਦੇ ਬਾਹਰ ਖੜ ਕੇ ਨਸ਼ੀਲਾ ਪਦਾਰਥ ਵੇਚਣ ਲਈ ਗ੍ਰਾਹਕਾਂ ਦਾ ਇੰਤਜ਼ਾਰ ਕਰ ਰਹੀ ਸੀ। ਇਸੇ ਤਰ੍ਹਾਂ ਦੇ ਇੱਕ ਹੋਰ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਨਿਊ ਮੋਤੀ ਨਗਰ ਦੇ ਵਾਸੀ ਸੰਜੀਵ ਕੁਮਾਰ ਨੂੰ ਛੇ ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਜਾਂਚ ਅਧਿਕਾਰੀ ਧਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਪੁਰਾਣੇ ਲਕੜ ਪੁਲ ਦੇ ਕੋਲ ਮੌਜੂਦ ਸੀ। ਇਸੇ ਦੌਰਾਨ ਮੁਲਜ਼ਮ ਸੰਦੀਪ ਕੁਮਾਰ ਆਇਆ, ਜੋ ਪੁਲਸ ਪਾਰਟੀ ਨੂੰ ਦੇਖ ਕੇ ਵਾਪਸ ਮੁੜ ਗਿਆ। ਸ਼ੱਕ ਦੇ ਅਧਾਰ ਤੇ ਮੁਲਾਜ਼ਮ ਦੀ ਜਦ ਉਸ ਦੀ ਤਲਾਸ਼ੀ ਲਈ ਤਾਂ ਮੁਲਜ਼ਮ ਦੇ ਕਬਜ਼ੇ ਚੋਂ ਛੇ ਗਰਾਮ ਹੈਰੋਇਨ ਮਿਲੀ। ਇਨ੍ਹਾਂ ਦੋਵਾਂ ਮਾਮਲੇ ਵਿਚ ਥਾਣਾ ਕੂਮਕਲਾਂ ਅਤੇ ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਐੱਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮੇ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
