ਜਲੰਧਰ/ਪਤਾਰਾ/ਕੈਂਟ : ਦਕੋਹਾ ਦੀ ਬਾਂਸਾਂ ਵਾਲੀ ਗਲੀ ਦੇ ਰਹਿਣ ਵਾਲੇ ਰੋਹਿਤ ਉਰਫ਼ ਆਲੂ ਦੇ ਕਤਲ ਕੇਸ ’ਚ ਅਣਗਹਿਲੀ ਵਰਤਣ ਵਾਲੇ ਦਕੋਹਾ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਮਦਨ ਸਿੰਘ ਨੂੰ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਲਾਈਨ ਹਾਜ਼ਰ ਕਰ ਦਿੱਤਾ ਹੈ। ਇਸ ਮਾਮਲੇ ’ਚ ਕਤਲ ਦੇ ਮੁਲਜ਼ਮ ਗਗਨ ਅਰੋੜਾ ਉਰਫ਼ ਗਗਨ ਵਾਸੀ ਗਲੀ ਨੰਬਰ 10 ਨੂੰ ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਰਤਨ, ਕਾਲੂ, ਲਖਨ, ਸੰਜੇ, ਰਿਤਿਕ, ਗਗਨ ਅਰੋੜਾ ਸਮੇਤ ਇਕ ਦਰਜਨ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਏਸੀਪੀ ਸੈਂਟਰਲ ਨਿਰਮਲ ਸਿੰਘ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਦਕੋਹਾ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਮਦਨ ਸਿੰਘ ਨੇ 2 ਦਿਨ ਪਹਿਲਾਂ ਰੋਹਿਤ ਉਰਫ਼ ਆਲੂ ’ਤੇ ਹੋਏ ਹਮਲੇ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਸੀ। ਇਸ ਕਾਰਨ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੇ ਹੁਕਮਾਂ ਅਨੁਸਾਰ ਚੌਕੀ ਇੰਚਾਰਜ ਮਦਨ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਇਸ ਮਾਮਲੇ ’ਚ ਪੁਲਿਸ ਨੇ ਤਕਨੀਕੀ ਜਾਂਚ ਦੇ ਆਧਾਰ ’ਤੇ ਕਤਲ ਦੇ ਮੁਲਜ਼ਮ ਗਗਨ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਉਸ ਦਾ ਰਿਮਾਂਡ ਲੈ ਕੇ ਮੁਲਜ਼ਮਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਸੋਮਵਾਰ ਦੇਰ ਰਾਤ ਹਥਿਆਰਬੰਦ ਨੌਜਵਾਨਾਂ ਨੇ ਥਾਣਾ ਰਾਮਾ ਮੰਡੀ ਅਧੀਨ ਆਉਂਦੇ ਦਕੋਹਾ ’ਚ ਸਥਿਤ ਬੰਸਾਵਾਲੀ ਗਲੀ ’ਚ ਰੋਹਿਤ ਉਰਫ ਆਲੂ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਤੇ ਉਸ ਨੂੰ ਜੌਹਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਦੋ ਖੋਲ ਬਰਾਮਦ ਕੀਤੇ ਸਨ।
ਇਸ ਤੋਂ ਇਲਾਵਾ ਸੀਸੀਟੀਵੀ ਫੁਟੇਜ ਵੀ ਪੁਲਿਸ ਨੇ ਕਬਜ਼ੇ ’ਚ ਲੈ ਲਈ ਸੀ। ਇਸ ਦੇ ਆਧਾਰ ’ਤੇ ਪੁਲਿਸ ਨੇ ਗਗਨ ਨੂੰ ਗ੍ਰਿਫਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਰੋਹਿਤ ਦੀ ਮੌਤ ਦੀ ਖਬਰ ਸੁਣਦਿਆਂ ਹੀ ਉਸ ਦੇ ਪਰਿਵਾਰ ਵਾਲੇ ਤੇ ਰਿਸ਼ਤੇਦਾਰ ਜੌਹਲ ਹਸਪਤਾਲ ਦੇ ਬਾਹਰ ਇਕੱਠੇ ਹੋ ਗਏ ਤੇ ਧਰਨਾ ਲਗਾ ਦਿੱਤਾ। ਉਨ੍ਹਾਂ ਦਾ ਦੋਸ਼ ਸੀ ਕੀ ਰੋਹਿਤ ਉਪਰ ਦੋ ਦਿਨ ਪਹਿਲਾਂ ਵੀ ਹਮਲਾ ਕੀਤਾ ਗਿਆ ਸੀ। ਪਰ ਪੁਲਿਸ ਨੂੰ ਸ਼ਿਕਾਇਤ ਦੇਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਤੋਂ ਮੁਲਜ਼ਮਾਂ ਦੇ ਹੌਸਲੇ ਬੁਲੰਦ ਹੋ ਗਏ ਸਨ ਤੇ ਉਨ੍ਹਾਂ ਨੇ ਘਰ ’ਚ ਵੜ ਕੇ ਰੋਹਿਤ ਨੂੰ ਗੋਲੀਆਂ ਮਾਰ ਦਿੱਤੀਆਂ।
ਰੋਹਿਤ ਦੀ ਮਾਂ ਨੂੰ ਸਸਕਾਰ ਲਈ ਕਪੂਰਥਲਾ ਜੇਲ੍ਹ ਤੋਂ ਵਿਸ਼ੇਸ਼ ਤੌਰ ’ਤੇ ਲਿਆਂਦਾ ਗਿਆ। ਇਸ ਦੌਰਾਨ ਇਲਾਕਾ ਵਾਸੀਆਂ ਸਮੇਤ ਵੱਡੀ ਗਿਣਤੀ ਵਿਚ ਮਹੰਤ ਵੀ ਮੌਜੂਦ ਸਨ। ਸਿਆਸੀ ਲੋਕਾਂ ਵਿਚਾਲੇ ‘ਆਪ’ ਆਗੂ ਰੋਹਿਤ ਕੁਮਾਰ ਵਿੱਕੀ ਤੁਲਸੀ, ਅਮਰਦੀਪ ਕੀਨੂੰ, ਸਪਿੰਦਰ ਸਿੱਧੂ ,ਆਕਾਸ਼ ਗੁਪਤਾ, ਜਗਦੀਸ਼ ਕੁਮਾਰ ਗੱਗ, ਵਿਜੇ ਦਕੋਹਾ ਅਤੇ ਹਨੀ ਭਾਟੀਆ ਨੇ ਸ਼ਮੂਲੀਅਤ ਕਰਦਿਆਂ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ।
ਮੁਲਜ਼ਮ ਦੀ ਗ੍ਰਿਫਤਾਰੀ ਤੋਂ ਬਾਅਦ ਰੋਹਿਤ ਦਾ ਕੀਤਾ ਸਸਕਾਰ
ਰੋਹਿਤ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਵੱਲੋਂ ਹਸਪਤਾਲ ਦੇ ਬਾਹਰ ਧਰਨਾ ਲਗਾਇਆ ਗਿਆ ਸੀ ਤੇ ਮੰਗ ਕੀਤੀ ਸੀ ਕਿ ਜਦ ਤਕ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤਦ ਤੱਕ ਨਾ ਤਾਂ ਉਹ ਰੋਹਿਤ ਦਾ ਪੋਸਟਮਾਰਟਮ ਕਰਵਾਉਣਗੇ ਤੇ ਨਾ ਹੀ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਮੰਗਲਵਾਰ ਸਵੇਰੇ ਪੁਲਿਸ ਵੱਲੋਂ ਇਸ ਮਾਮਲੇ ਦੇ ਮੁਲਜ਼ਮ ਗਗਨ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਲਾਸ਼ ਪੋਸਟਮਾਰਟਮ ਲਈ ਪੁਲਿਸ ਦੇ ਹਵਾਲੇ ਕਰ ਦਿੱਤੀ। ਮੰਗਲਵਾਰ ਦੇਰ ਸ਼ਾਮ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਰੋਹਿਤ ਦਾ ਸਸਕਾਰ ਕਰ ਦਿੱਤਾ।
