ਸ਼ਾਹਕੋਟ/ਮਲਸੀਆਂ: ਹੜ੍ਹਾਂ ਦੌਰਾਨ ਬੇਘਰ ਹੋਏ ਪਰਿਵਾਰਾਂ ਲਈ ਮਸੀਹਾ ਬਣਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਮਰਹੂਮ ਰਤਨ ਸਿੰਘ ਕਾਕੜ ਕਲਾਂ ਵੱਲੋਂ ਆਪਣੀ ਇਕ ਏਕੜ ਜ਼ਮੀਨ ਦਾਨ ਕੀਤੀ ਗਈ ਸੀ ਜਿਸ ’ਤੇ ਸੰਗਤ ਏਡ ਯੂਕੇ ਵੱਲੋਂ ‘ਗੁਰੂ ਨਾਨਕ ਨਗਰ’ ਵਸਾ ਕੇ ਇਨ੍ਹਾਂ ਪਰਿਵਾਰਾਂ ਲਈ ਘਰ ਬਣਾ ਕੇ ਦੇਣ ਦੇ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ।
ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਨਾਨਕ ਨਗਰ ਦਾ ਨੀਂਹ ਪੱਥਰ ਮਰਹੂਮ ਰਤਨ ਸਿੰਘ ਦੀ ਪਤਨੀ ਰਣਜੀਤ ਕੌਰ ਕਾਕੜ, ਸੰਗਤ ਏਡ ਯੂਕੇ ਦੀ ਟੀਮ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਬੇਘਰ ਹੋਏ ਪਰਿਵਾਰਾਂ ਦੇ ਮੁਖੀਆਂ ਬੂਟਾ ਸਿੰਘ, ਗੁਰਦੇਵ ਕੌਰ, ਰਤਨ ਸਿੰਘ, ਰਾਜਵਿੰਦਰ ਸਿੰਘ ਤੇ ਠਾਕੁਰ ਸਿੰਘ ਕੋਲੋਂ ਰਖਵਾਇਆ ਗਿਆ।
ਸਮਾਗਮ ਵਿਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਲੋਕ ਸਭਾ ਮੈਂਬਰ ਸੁਸ਼ੀਲ ਰਿੰਕੂ, ‘ਆਪ’ ਪੰਜਾਬ ਦੇ ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾਂ, ਕੋਨਵੇਅਰ ਦੇ ਚੇਅਰਪਰਸਨ ਰਾਜਵਿੰਦਰ ਕੌਰ ਥਿਆੜਾ, ਸੰਤ ਨਿਰਮਲ ਦਾਸ ਜੌੜੇ ਵਾਲੇ, ਸੰਗਤ ਏਡ ਯੂਕੇ ਦੇ ਡਾਇਰੈਕਟਰ ਭਾਈ ਲੱਖਾ ਸਿੰਘ, ਏਸ਼ੀਆ ਦੇ ਪ੍ਰਾਜੈਕਟ ਪ੍ਰਬੰਧਕ ਭਾਈ ਗੁਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ’ਚ ਇਲਾਕੇ ਦੀਆਂ ਸੰਗਤਾਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਭਾਈ ਲੱਖਾ ਸਿੰਘ, ਸੰਤ ਨਿਰਮਲ ਦਾਸ, ਭਾਈ ਗੁਰਪ੍ਰੀਤ ਸਿੰਘ ਤੇ ਹੋਰ ਬੁਲਾਰਿਆਂ ਨੇ ਕਿਹਾ ਕਿ 2023 ਦੇ ਹੜ੍ਹਾਂ ਦੌਰਾਨ ਪਿੰਡ ਧੱਕਾ ਬਸਤੀ ਦੇ ਕਈ ਪਰਿਵਾਰਾਂ ਦੇ ਘਰ ਦਰਿਆ ਵਿਚ ਰੁੜ੍ਹ ਗਏ ਸਨ। ਆਰਥਿਕ ਪੱਖੋਂ ਕਮਜ਼ੋਰ ਇਨ੍ਹਾਂ ਲੋੜਵੰਦ ਪਰਿਵਾਰਾਂ ਦੀ ਬਾਂਹ ਫੜਦਿਆਂ ਮਰਹੂਮ ਰਤਨ ਸਿੰਘ, ਉਨ੍ਹਾਂ ਦੀ ਪਤਨੀ ਰਣਜੀਤ ਕੌਰ ਕਾਕੜ ਤੇ ਸਮੂਹ ਕਾਕੜ ਕਲਾਂ ਪਰਿਵਾਰ ਨੇ ਪਿੰਡ ਵਿਚ ਸਥਿਤ ਆਪਣੀ ਇਕ ਏਕੜ ਜ਼ਮੀਨ ਦਾਨ ਕੀਤੀ ਜਿਸ ’ਤੇ ਸੰਗਤ ਏਡ ਯੂਕੇ ਵੱਲੋਂ ਚੇਅਰਮੈਨ ਭਾਈ ਮਹਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਘਰ ਬਣਾਏ ਜਾਣਗੇ। ਇਸ ਕਾਰਜ ’ਤੇ ਚਾਰ ਕਰੋੜ ਰੁਪਏ ਤੋਂ ਵੱਧ ਦਾ ਖ਼ਰਚਾ ਆਵੇਗਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਕੋਈ ਵਿਅਕਤੀ ਆਪਣੀ ਇਕ ਇੰਚ ਜ਼ਮੀਨ ਵੀ ਕਿਸੇ ਹੋਰ ਨੂੰ ਦੇ ਕੇ ਰਾਜ਼ੀ ਨਹੀਂ ਪਰ ਪਰਮਾਤਮਾ ਨੇ ਕਾਕੜ ਕਲਾਂ ਪਰਿਵਾਰ ’ਤੇ ਬਖ਼ਸ਼ਿਸ਼ ਕਰਦਿਆਂ ਉਨ੍ਹਾਂ ਤੋਂ ਇਹ ਸੇਵਾ ਲਈ ਹੈ। ਇਨ੍ਹਾਂ ਲੋੜਵੰਦ ਪਰਿਵਾਰਾਂ ਨੂੰ ਜਿੱਥੇ ਘਰ ਬਣਾ ਕੇ ਦਿੱਤੇ ਜਾਣਗੇ, ਉੱਥੇ ਪਿੰਡ ਵਿਚ ਪੂਰਾ ਇੱਜ਼ਤ-ਮਾਣ ਵੀ ਬਖ਼ਸ਼ਿਆ ਜਾਵੇਗਾ।
ਆਪ’ ਪੰਜਾਬ ਦੇ ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਰਤਨ ਸਿੰਘ ਕਾਕੜ ਕਲਾਂ ਦਾ ਪਰਿਵਾਰ ਅਸਲ ਵਿਚ ਗ਼ਰੀਬਾਂ ਦਾ ਮਸੀਹਾ ਹੈ ਜੋ ਹਰ ਵੇਲੇ ਇਲਾਕੇ ਦੇ ਲੋਕਾਂ ਦੀ ਬਿਹਤਰੀ ਲਈ ਤਤਪਰ ਰਹਿੰਦਾ ਹੈ। ਪਾਰਟੀ ਲੀਡਰਸ਼ਿਪ ਹਰ ਵੇਲੇ ਕਾਕੜ ਕਲਾਂ ਪਰਿਵਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਉਨ੍ਹਾਂ ਮਰਹੂਮ ਰਤਨ ਸਿੰਘ ਅਤੇ ਬੀਬੀ ਰਣਜੀਤ ਕੌਰ ਵੱਲੋਂ ਸਮਾਜ ਸੇਵਾ ਦੇ ਕੰਮਾਂ ਵਿਚ ਪਾਏ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕੀਤੀ।
ਇਸ ਮੌਕੇ ਬੀਬੀ ਰਣਜੀਤ ਕੌਰ ਨੇ ਕਿਹਾ ਕਿ ਕਾਕੜ ਕਲਾਂ ਪਰਿਵਾਰ ਸਮਾਜ ਸੇਵਾ ਦੇ ਕੰਮਾਂ ਵਿਚ ਇਸੇ ਤਰ੍ਹਾਂ ਯੋਗਦਾਨ ਪਾਉਂਦਾ ਰਹੇਗਾ। ਲੋੜਵੰਦ ਪਰਿਵਾਰਾਂ ਲਈ ਘਰ ਬਣਾਉਣ ਤੋਂ ਬਾਅਦ ਕਾਕੜ ਪਰਿਵਾਰ ਵੱਲੋਂ ਪਿੰਡ ਵਿਚ ਇਕ ਸੁੰਦਰ ਪਾਰਕ ਅਤੇ ਬਜ਼ੁਰਗਾਂ ਲਈ ਬਿਰਧ ਆਸ਼ਰਮ ਬਣਾਇਆ ਜਾਵੇਗਾ। ਉਨ੍ਹਾਂ ਸਮਾਗਮ ’ਚ ਪਹੁੰਚੇ ਆਗੂਆਂ ਤੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਖਮਨਜੋਤ ਕੌਰ ਕਾਕੜ, ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਬਲਵੀਰ ਸਿੰਘ ਢੰਡੋਵਾਲ, ਸੀਨੀਅਰ ‘ਆਪ’ ਆਗੂ ਰਮੇਸ਼ ਹੰਸ, ਸਾਬਕਾ ਐੱਮਸੀ ਜਤਿੰਦਰਪਾਲ ਬੱਲਾ, ਬੂਟਾ ਸਿੰਘ ਕਲਸੀ, ਵੀਰ ਕੁਲਵੰਤ ਸਿੰਘ ਕੰਤਾ, ਪਰਮਿੰਦਰ ਸਿੰਘ ਪੀਏ, ਰਣਜੀਤ ਸਿੰਘ ਜਾਣੀਆਂ, ਨਿਰਮਲ ਸਿੰਘ ਮੱਲ੍ਹ, ਬਲਾਕ ਪ੍ਰਧਾਨ ਰਾਜਿੰਦਰ ਕੁਮਾਰ ਸ਼ੇਰਾ, ਮਨਦੀਪ ਸਿੰਘ ਝੀਤਾ, ਕ੍ਰਿਸ਼ਨ ਕੁਮਾਰ ਬਿੱਟੂ, ਮਹਿਲਾ ‘ਆਪ’ ਆਗੂ ਰਾਖੀ ਮੱਟੂ, ਨਵਜੋਤ ਕੌਰ, ਬਲਜਿੰਦਰ ਸਿੰਘ ਖਿੰਡਾ ਸਮੇਤ ਵੱਡੀ ਗਿਣਤੀ ’ਚ ਇਲਾਕੇ ਦੇ ਲੋਕ ਹਾਜ਼ਰ ਸਨ।
