ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ
ਜਲੰਧਰ ਕੰਵਲਜੀਤ ਸਿੰਘ ਮੱਕੜ – ਜਲੰਧਰ ਸ਼ਹਿਰ ਦੇ ਭਾਰਗਵ ਕੈਂਪ ਥਾਣਾ ਖੇਤਰ ਅਧੀਨ ਸਥਿਤ ਚਾਵਲਾ ਮੋਬਾਈਲ ਸ਼ੋਰੂਮ ‘ਤੇ ਐਤਵਾਰ ਨੂੰ ਦਿਨ-ਦਿਹਾੜੇ ਹੋਈ ਫਾਇਰਿੰਗ ਦੀ ਘਟਨਾ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਖਾਸ ਗੱਲ ਇਹ ਹੈ ਕਿ ਇਹ ਘਟਨਾ ਉਸੇ ਦਿਨ ਵਾਪਰੀ ਜਦੋਂ ਨਵੇਂ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਅਹੁਦਾ ਸੰਭਾਲਿਆ ਅਤੇ ਸ਼ਹਿਰ ਵਿੱਚ ਅਪਰਾਧ ‘ਤੇ ਨਕੇਲ ਕੱਸਣ ਦੇ ਦਾਅਵੇ ਕੀਤੇ ਸਨ।
ਮਿਲੀ ਜਾਣਕਾਰੀ ਅਨੁਸਾਰ ਦੋ ਮੋਟਰਸਾਈਕਲ ਸਵਾਰ ਨੌਜਵਾਨ, ਜਿਨ੍ਹਾਂ ਨੇ ਆਪਣੇ ਚਿਹਰੇ ਰੁਮਾਲਾਂ ਨਾਲ ਢੱਕੇ ਹੋਏ ਸਨ, ਚਾਵਲਾ ਮੋਬਾਈਲ ਸ਼ੋਰੂਮ ਦੇ ਬਾਹਰ ਪਹੁੰਚੇ ਅਤੇ ਤਾਬੜਤੋੜ ਤਿੰਨ ਫਾਇਰ ਕਰ ਦਿੱਤੇ। ਗੋਲੀਆਂ ਵਿੱਚੋਂ ਇੱਕ ਦੁਕਾਨ ਦੇ ਸ਼ੀਸ਼ੇ ‘ਤੇ ਲੱਗੀ, ਜਿਸ ਕਾਰਨ ਸ਼ੀਸ਼ਾ ਟੁੱਟ ਗਿਆ, ਜਦਕਿ ਦੋ ਗੋਲੀਆਂ ਦੁਕਾਨ ਦੀਆਂ ਕੰਧਾਂ ਨਾਲ ਟਕਰਾਈਆਂ।
ਘਟਨਾ ਤੋਂ ਤੁਰੰਤ ਬਾਅਦ ਇਲਾਕੇ ਦੇ ਲੋਕਾਂ ਨੇ ਹਿੰਮਤ ਅਤੇ ਸੂਝਬੂਝ ਦਾ ਪ੍ਰਦਰਸ਼ਨ ਕਰਦਿਆਂ ਇੱਕ ਹਮਲਾਵਰ ਦਾ ਪਿੱਛਾ ਕੀਤਾ ਅਤੇ ਉਸ ਨੂੰ ਬਾਬਾ ਅੰਬੇਡਕਰ ਚੌਂਕ ਨੇੜੇ ਕਾਬੂ ਕਰ ਲਿਆ। ਲੋਕਾਂ ਨੇ ਉਸ ਦੇ ਕਬਜ਼ੇ ਵਿਚੋਂ ਹਥਿਆਰ ਅਤੇ ਮੋਟਰਸਾਈਕਲ ਵੀ ਬਰਾਮਦ ਕਰ ਲਏ, ਜਦਕਿ ਉਸ ਦਾ ਸਾਥੀ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ।
ਦੁਕਾਨ ਮਾਲਕ ਨੇ ਇਸ ਮੌਕੇ ‘ਤੇ ਥਾਣਾ ਭਾਰਗਵ ਕੈਂਪ ਦੇ ਐਸ.ਐਚ.ਓ. ਰਾਜਿੰਦਰ ਰਾਣਾ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਨੂੰ ਪਹਿਲਾਂ ਧਮਕੀਆਂ ਮਿਲ ਚੁੱਕੀਆਂ ਸਨ ਅਤੇ ਸੁਰੱਖਿਆ ਦੇਣ ਦੇ ਬਦਲੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ। ਦੁਕਾਨਦਾਰ ਦੇ ਇਨ੍ਹਾਂ ਦੋਸ਼ਾਂ ਤੋਂ ਬਾਅਦ ਮਾਮਲਾ ਹੋਰ ਵੀ ਗੰਭੀਰ ਬਣ ਗਿਆ ਹੈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਏ.ਸੀ.ਪੀ. ਆਤਿਸ਼ ਭਾਟੀਆ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਲੋਕਾਂ ਵੱਲੋਂ ਕਾਬੂ ਕੀਤੇ ਗਏ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਸ ਦੇ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਵੱਲੋਂ ਦਿਖਾਈ ਗਈ ਬਹਾਦਰੀ ਅਤੇ ਪੁਲਿਸ ਨੂੰ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਵੀ ਕੀਤੀ।
ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਦੁਕਾਨ ਮਾਲਕ ਨੂੰ ਪਹਿਲਾਂ ਵੀ ਧਮਕੀਆਂ ਮਿਲੀਆਂ ਸਨ ਅਤੇ ਉਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਮੌਜੂਦਾ ਫਾਇਰਿੰਗ ਦੀ ਘਟਨਾ ਦਾ ਪੁਰਾਣੇ ਧਮਕੀ ਵਾਲੇ ਮਾਮਲੇ ਨਾਲ ਕੋਈ ਸਬੰਧ ਹੈ ਜਾਂ ਨਹੀਂ।
ਇਸ ਦੌਰਾਨ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਲੋਕਾਂ ਵੱਲੋਂ ਕਾਬੂ ਕੀਤੇ ਗਏ ਨੌਜਵਾਨ ਦੀ ਕੁੱਟਮਾਰ ਕਰਦੇ ਹੋਏ ਦਿਖਾਈ ਦੇ ਰਹੇ ਹਨ। ਪੁਲਿਸ ਨੇ ਨੌਜਵਾਨ ਨੂੰ ਲੋਕਾਂ ਦੇ ਚੰਗੁਲ ਵਿਚੋਂ ਛੁਡਵਾ ਕੇ ਹਿਰਾਸਤ ਵਿੱਚ ਲੈ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਫਾਇਰਿੰਗ ਦੀ ਇਸ ਘਟਨਾ ਤੋਂ ਬਾਅਦ ਵਪਾਰੀਆਂ ਅਤੇ ਸਥਾਨਕ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਲਗਾਤਾਰ ਵਾਪਰ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਕਾਰਨ ਵਪਾਰੀ ਵਰਗ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਲੋਕਾਂ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।
