ਜਲੰਧਰ : ਕੰਵਲਜੀਤ ਸਿੰਘ ਮੱਕੜ – ਸਿਟੀ ਰੇਲਵੇ ਸਟੇਸ਼ਨ ਨੇੜੇ ਸਥਿਤ ਰਾਇਲ ਹੋਟਲ ਦੇ ਕਮਰਾ ਨੰਬਰ 102 ਵਿੱਚੋਂ ਸੋਮਵਾਰ ਸਵੇਰੇ ਇੱਕ 20 ਸਾਲਾ ਯੁਵਤੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ। ਮ੍ਰਿਤਕਾ ਦੀ ਪਛਾਣ ਯੋਤਿਕਾ ਸ਼ਰਮਾ ਵਾਸੀ ਲੁਧਿਆਣਾ ਵਜੋਂ ਹੋਈ ਹੈ। ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਯੁਵਤੀ 8 ਅਗਸਤ ਨੂੰ ਰਾਇਲ ਹੋਟਲ ਵਿੱਚ ਆ ਕੇ ਠਹਿਰੀ ਸੀ ਅਤੇ ਪਿਛਲੇ ਦੋ ਦਿਨਾਂ ਤੋਂ ਕਮਰਾ ਨੰਬਰ 102 ਵਿੱਚ ਰਹਿ ਰਹੀ ਸੀ। ਸੋਮਵਾਰ ਸਵੇਰੇ ਕਰੀਬ 7 ਵਜੇ ਹੋਟਲ ਦੇ ਕਰਮਚਾਰੀਆਂ ਨੇ ਉਸ ਨੂੰ ਕਮਰੇ ਵਿੱਚ ਬੈੱਡ ’ਤੇ ਮ੍ਰਿਤ ਹਾਲਤ ਵਿੱਚ ਦੇਖਿਆ। ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਸੂਚਨਾ ਮਿਲਣ ’ਤੇ ਥਾਣਾ ਨੰਬਰ 3 ਦੀ ਪੁਲਿਸ ਮੌਕੇ ’ਤੇ ਪਹੁੰਚੀ। ਥਾਣਾ ਨੰਬਰ 3 ਦੇ ਐੱਸ.ਐੱਚ.ਓ. ਜਤਿੰਦਰ ਨੇ ਦੱਸਿਆ ਕਿ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ।
ਪੁਲਿਸ ਜਾਂਚ ਦੌਰਾਨ ਕਮਰੇ ਵਿੱਚੋਂ ਲਾਲ ਰੰਗ ਦਾ ਇੱਕ ਸੂਟਕੇਸ ਵੀ ਮਿਲਿਆ, ਜੋ ਖਾਲੀ ਸੀ। ਇਸ ਤੋਂ ਇਲਾਵਾ ਕਮਰੇ ਵਿੱਚ ਸਾਮਾਨ ਇੱਧਰ-ਉੱਧਰ ਖਿੱਲਰਿਆ ਹੋਇਆ ਮਿਲਿਆ ਅਤੇ ਕਮਰੇ ਦੀ ਹਾਲਤ ਵੀ ਕੁਝ ਅਸਤ-ਵਿਅਸਤ ਦੱਸੀ ਜਾ ਰਹੀ ਹੈ।
ਮੁੱਢਲੀ ਪੁਲਿਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਯੁਵਤੀ ਨੂੰ ਮਿਲਣ ਲਈ ‘ਵਿਸ਼ੂ’ ਉਰਫ਼ ‘ਚਿੰਟੂ’ ਨਾਮ ਦਾ ਇੱਕ ਨੌਜਵਾਨ ਪਿਛਲੇ ਦੋ ਦਿਨਾਂ ਦੌਰਾਨ ਹੋਟਲ ਵਿੱਚ ਆਉਂਦਾ ਰਿਹਾ। ਦੱਸਿਆ ਜਾ ਰਿਹਾ ਹੈ ਕਿ ਉਹ ਦਿਨ ਦੇ ਸਮੇਂ ਕਰੀਬ 2 ਤੋਂ 3 ਘੰਟੇ ਯੁਵਤੀ ਦੇ ਕਮਰੇ ਵਿੱਚ ਰਹਿਣ ਤੋਂ ਬਾਅਦ ਵਾਪਸ ਚਲਾ ਜਾਂਦਾ ਸੀ। ਪੁਲਿਸ ਵੱਲੋਂ ਹੁਣ ਉਕਤ ਨੌਜਵਾਨ ਦੀ ਪਛਾਣ ਅਤੇ ਯੁਵਤੀ ਨਾਲ ਉਸ ਦੇ ਸਬੰਧਾਂ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਫਿਲਹਾਲ ਪੁਲਿਸ ਵੱਲੋਂ ਮੌਤ ਦੇ ਕਾਰਨਾਂ ਸਮੇਤ ਮਾਮਲੇ ਦੇ ਹਰ ਪੱਖ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਵਿੱਚ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
