ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ
ਜਲੰਧਰ: ਕੰਵਲਜੀਤ ਸਿੰਘ ਮੱਕੜ – (ਐੱਮ. ਐੱਸ. ਲੋਹੀਆ): ਹਿੰਦ-ਪਾਕਿ ਦੋਸਤੀ, ਆਪਸੀ ਸਾਂਝ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਅਮਨ ਤੇ ਭਾਈਚਾਰੇ ਦਾ ਸੁਨੇਹਾ ਮਜ਼ਬੂਤ ਕਰਨ ਦੇ ਉਦੇਸ਼ ਨਾਲ 10ਵੇਂ ਹਿੰਦ-ਪਾਕਿ ਦੋਸਤੀ ਸੰਮੇਲਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਸੰਮੇਲਨ ਵਿਰਸਾ ਵਿਹਾਰ, ਅੰਮ੍ਰਿਤਸਰ ਵਿਖੇ ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰੀਸਰਚ ਅਕਾਦਮੀ, ਸਾਫ਼ਮਾ ਅਤੇ ਪਾਕਿਸਤਾਨ ਪੀਪਲਜ਼ ਫੋਰਮ ਫਾਰ ਪੀਸ ਐਂਡ ਡੈਮੋਕੇਰੇਸੀ ਵੱਲੋਂ ਸਰਬੱਤ ਦਾ ਭਲਾ ਟਰੱਸਟ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਹਿੰਦ-ਪਾਕਿ ਦੋਸਤੀ ਮੰਚ ਦੇ ਜਨਰਲ ਸਕੱਤਰ ਸਤਨਾਮ ਸਿੰਘ ਮਾਣਕ, ਫੋਕਲੋਰ ਰੀਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਅਤੇ ਚੇਅਰਮੈਨ ਸੁਰਜੀਤ ਜੱਜ ਨੇ ਦੱਸਿਆ ਕਿ 13 ਅਗਸਤ ਨੂੰ ਸਵੇਰੇ 10:30 ਵਜੇ ਵਿਰਸਾ ਵਿਹਾਰ, ਅੰਮ੍ਰਿਤਸਰ ਵਿਖੇ ‘ਭਾਰਤ-ਪਾਕਿਸਤਾਨ ਸੰਬੰਧ: ਸਮੱਸਿਆਵਾਂ ਤੇ ਸੰਭਾਵਨਾਵਾਂ’ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾਵੇਗਾ।
ਸੈਮੀਨਾਰ ਵਿੱਚ ਸੀਨੀਅਰ ਪੱਤਰਕਾਰ ਅਤੇ ਬੁੱਧੀਜੀਵੀ ਜਤਿਨ ਦਿਸਾਈ, ਡਾ. ਸੁੱਚਾ ਸਿੰਘ ਗਿੱਲ, ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਸਮਾਜਿਕ ਕਾਰਕੁਨ ਸੰਦੀਪ ਪਾਂਡੇ, ਰਾਮ ਮੋਹਨ ਰਾਏ, ਸੁਭਾਅ ਸ਼ਮੀਮ, ਸੁਨੀਲਮ, ਪ੍ਰੋ. ਬਾਵਾ ਸਿੰਘ ਅਤੇ ਡਾ. ਕੁਲਦੀਪ ਸਿੰਘ ਸਮੇਤ ਹੋਰ ਬੁੱਧੀਜੀਵੀ ਅਤੇ ਸਮਾਜਿਕ ਆਗੂ ਆਪਣੇ ਵਿਚਾਰ ਸਾਂਝੇ ਕਰਨਗੇ।
ਆਯੋਜਕਾਂ ਨੇ ਦੱਸਿਆ ਕਿ ਸੰਮੇਲਨ ਦਾ ਮੁੱਖ ਉਦੇਸ਼ ਭਾਰਤ ਅਤੇ ਪਾਕਿਸਤਾਨ ਦਰਮਿਆਨ ਬਿਹਤਰ ਸਬੰਧਾਂ, ਲੋਕਾਂ ਵਿਚਕਾਰ ਆਪਸੀ ਸੰਪਰਕ, ਸੱਭਿਆਚਾਰਕ ਸਾਂਝ ਅਤੇ ਖਿੱਤੇ ਵਿੱਚ ਟਿਕਾਊ ਅਮਨ ਦੀਆਂ ਸੰਭਾਵਨਾਵਾਂ ’ਤੇ ਵਿਚਾਰ-ਵਟਾਂਦਰਾ ਕਰਨਾ ਹੈ। ਇਸ ਮੌਕੇ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਜੰਗ ਦੀ ਬਜਾਏ ਅਮਨ, ਗੱਲਬਾਤ ਅਤੇ ਆਪਸੀ ਸਹਿਯੋਗ ਦਾ ਰਾਹ ਅਪਣਾਉਣ ਦਾ ਸੁਨੇਹਾ ਦਿੱਤਾ ਜਾਵੇਗਾ।
ਇਸੇ ਕੜੀ ਤਹਿਤ 13 ਅਗਸਤ ਦੀ ਰਾਤ 12 ਵਜੇ ਅਟਾਰੀ-ਵਾਹਗਾ ਸਰਹੱਦ ’ਤੇ ਮੋਮਬੱਤੀਆਂ ਜਗਾ ਕੇ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਦੀ ਸਾਂਝ, ਦੋਸਤੀ ਅਤੇ ਅਮਨ ਦਾ ਸੁਨੇਹਾ ਦਿੱਤਾ ਜਾਵੇਗਾ। ਆਯੋਜਕਾਂ ਦਾ ਕਹਿਣਾ ਹੈ ਕਿ ਇਹ ਪ੍ਰਤੀਕਾਤਮਕ ਮੋਮਬੱਤੀ ਸਮਾਗਮ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਦੇ ਆਰ-ਪਾਰ ਵੱਸਦੇ ਲੋਕਾਂ ਦੀਆਂ ਸਾਂਝੀਆਂ ਭਾਵਨਾਵਾਂ ਅਤੇ ਅਮਨ ਦੀ ਇੱਛਾ ਨੂੰ ਦਰਸਾਏਗਾ।
ਉਧਰ ਪਾਕਿਸਤਾਨ ਵਾਲੇ ਪਾਸੇ ਲਾਹੌਰ ਵਿੱਚ ਵੀ ਸਾਊਥ ਏਸ਼ੀਆ ਫਰੀ ਮੀਡੀਆ ਵੱਲੋਂ 13 ਅਗਸਤ ਨੂੰ ਸ਼ਾਮ 6:30 ਵਜੇ ਤੋਂ ‘ਸ਼ਾਂਤੀ ਨੂੰ ਇਕ ਮੌਕਾ ਹੋਰ ਦਿਓ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਰਾਤ ਕਰੀਬ 12:15 ਵਜੇ ਵਾਹਗਾ-ਅਟਾਰੀ ਸਰਹੱਦ ’ਤੇ ਮੋਮਬੱਤੀਆਂ ਜਗਾ ਕੇ ਅਮਨ ਅਤੇ ਭਾਈਚਾਰੇ ਦਾ ਸੁਨੇਹਾ ਦਿੱਤਾ ਜਾਵੇਗਾ।
ਇਸ ਮੌਕੇ ਸਰਬੱਤ ਦਾ ਭਲਾ ਟਰੱਸਟ ਦੁਆਬਾ ਦੇ ਉਪ ਪ੍ਰਧਾਨ ਐਡਵੋਕੇਟ ਮਨਮੋਹਨ ਸਿੰਘ, ਫੋਕਲੋਰ ਰੀਸਰਚ ਅਕਾਦਮੀ ਦੇ ਸਰਗਰਮ ਕਾਰਕੁਨ ਦਿਲਬਾਗ ਸਿੰਘ ਅਤੇ ਹਰੀਬ ਸਾਬਰੀ ਵੀ ਹਾਜ਼ਰ ਸਨ। ਆਯੋਜਕਾਂ ਨੇ ਆਸ ਪ੍ਰਗਟ ਕੀਤੀ ਕਿ ਇਹ ਸੰਮੇਲਨ ਭਾਰਤ-ਪਾਕਿਸਤਾਨ ਦੇ ਲੋਕਾਂ ਵਿਚਕਾਰ ਅਮਨ, ਦੋਸਤੀ ਅਤੇ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ।
