ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ
ਜਲੰਧਰ : ਜੇ ਐਸ ਸੰਧੂ ਤੇ ਕੰਵਲਜੀਤ ਸਿੰਘ ਮੱਕੜ – ਜਲੰਧਰ: ਹਲਦਵਾਨੀ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਭਾਸ਼ਣ ਤੋਂ ਬਾਅਦ ਮੰਚ ਦੇ ਕਥਿਤ ‘ਸ਼ੁੱਧੀਕਰਨ’ ਦੇ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਨੇ ਭਾਜਪਾ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਇਸ ਮਾਮਲੇ ਦੇ ਵਿਰੋਧ ਵਿੱਚ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵੱਲੋਂ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਧਰਨਾ ਦੇ ਕੇ ਭਾਜਪਾ ਖ਼ਿਲਾਫ਼ ਤਿੱਖਾ ਰੋਸ ਪ੍ਰਗਟ ਕੀਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਖੜਗੇ ਦੇ ਭਾਸ਼ਣ ਤੋਂ ਬਾਅਦ ਮੰਚ ਦਾ ‘ਸ਼ੁੱਧੀਕਰਨ’ ਕਰਨਾ ਸਿਰਫ਼ ਇੱਕ ਸਿਆਸੀ ਆਗੂ ਦਾ ਅਪਮਾਨ ਨਹੀਂ, ਸਗੋਂ ਇਹ ਦੇਸ਼ ਦੇ ਸੰਵਿਧਾਨ ਦੀ ਆਤਮਾ, ਸਮਾਨਤਾ ਦੇ ਅਧਿਕਾਰ ਅਤੇ ਸਮਾਜਿਕ ਬਰਾਬਰੀ ਦੀ ਸੋਚ ’ਤੇ ਸਿੱਧਾ ਹਮਲਾ ਹੈ।
ਕਾਂਗਰਸੀ ਆਗੂਆਂ ਨੇ ਦੋਸ਼ ਲਗਾਇਆ ਕਿ ਮੰਚ ਦੇ ‘ਸ਼ੁੱਧੀਕਰਨ’ ਦੀ ਘਟਨਾ ਜਾਤੀਵਾਦੀ ਮਾਨਸਿਕਤਾ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਹਰ ਨਾਗਰਿਕ ਨੂੰ ਬਰਾਬਰੀ ਦਾ ਅਧਿਕਾਰ ਦਿੰਦਾ ਹੈ ਅਤੇ ਕਿਸੇ ਵੀ ਵਿਅਕਤੀ ਨਾਲ ਜਾਤ, ਧਰਮ ਜਾਂ ਸਮਾਜਿਕ ਪਛਾਣ ਦੇ ਆਧਾਰ ’ਤੇ ਭੇਦਭਾਵ ਨਹੀਂ ਕੀਤਾ ਜਾ ਸਕਦਾ।
ਚੰਨੀ ਅਤੇ ਰੰਧਾਵਾ ਨੇ ਇਸ ਘਟਨਾ ਨੂੰ ਸੰਵਿਧਾਨ ਦੀਆਂ ਧਾਰਾਵਾਂ 14, 15 ਅਤੇ 17 ਦੀ ਭਾਵਨਾ ਦੇ ਉਲਟ ਦੱਸਿਆ। ਉਨ੍ਹਾਂ ਕਿਹਾ ਕਿ ਧਾਰਾ 14 ਕਾਨੂੰਨ ਅੱਗੇ ਬਰਾਬਰੀ ਦੀ ਗੱਲ ਕਰਦੀ ਹੈ, ਧਾਰਾ 15 ਜਾਤ ਅਤੇ ਧਰਮ ਸਮੇਤ ਹੋਰ ਆਧਾਰਾਂ ’ਤੇ ਭੇਦਭਾਵ ਤੋਂ ਸੁਰੱਖਿਆ ਦਿੰਦੀ ਹੈ, ਜਦਕਿ ਧਾਰਾ 17 ਅਛੂਤਪੁਣੇ ਨੂੰ ਖ਼ਤਮ ਕਰਨ ਦੀ ਗੱਲ ਕਰਦੀ ਹੈ।
ਕਾਂਗਰਸੀ ਆਗੂਆਂ ਨੇ ਭਾਜਪਾ ’ਤੇ ਦੋਸ਼ ਲਗਾਇਆ ਕਿ ਦੇਸ਼ ਵਿੱਚ ਮਹਿੰਗਾਈ, ਬੇਰੁਜ਼ਗਾਰੀ, ਆਰਥਿਕ ਮੁਸ਼ਕਲਾਂ ਅਤੇ ਵਿਦੇਸ਼ ਨੀਤੀ ਵਰਗੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਜਾਤ ਅਤੇ ਧਰਮ ਦੀ ਰਾਜਨੀਤੀ ਨੂੰ ਹਵਾ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਨੂੰ ਵੰਡਣ ਦੀ ਬਜਾਏ ਸਰਕਾਰਾਂ ਨੂੰ ਰੋਜ਼ਗਾਰ, ਮਹਿੰਗਾਈ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ’ਤੇ ਧਿਆਨ ਦੇਣਾ ਚਾਹੀਦਾ ਹੈ।
ਕਾਂਗਰਸੀ ਆਗੂਆਂ ਨੇ ਮੰਗ ਕੀਤੀ ਕਿ ਜੇਕਰ ਜਾਂਚ ਵਿੱਚ ਇਹ ਗੱਲ ਸਾਬਤ ਹੁੰਦੀ ਹੈ ਕਿ ਖੜਗੇ ਦੇ ਭਾਸ਼ਣ ਤੋਂ ਬਾਅਦ ਜਾਣਬੁੱਝ ਕੇ ਮੰਚ ਦਾ ‘ਸ਼ੁੱਧੀਕਰਨ’ ਕੀਤਾ ਗਿਆ ਸੀ ਤਾਂ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਐਫਆਈਆਰ ਦਰਜ ਕਰਕੇ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਪੰਜਾਬ ਦੇ ਗੁਰੂ ਸਾਹਿਬਾਨ ਅਤੇ ਪੀਰਾਂ ਵੱਲੋਂ ਦਿੱਤੇ ਗਏ ‘ਸੰਗਤ ਅਤੇ ਪੰਗਤ’ ਦੇ ਸੰਦੇਸ਼ ਦਾ ਹਵਾਲਾ ਦਿੰਦਿਆਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਨੇ ਹਮੇਸ਼ਾ ਸਮਾਜਿਕ ਬਰਾਬਰੀ, ਭਾਈਚਾਰੇ ਅਤੇ ਮਨੁੱਖੀ ਸਨਮਾਨ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਜਾਤ-ਪਾਤ ਅਤੇ ਭੇਦਭਾਵ ’ਤੇ ਆਧਾਰਿਤ ਕਿਸੇ ਵੀ ਸੋਚ ਨੂੰ ਸਵੀਕਾਰ ਨਹੀਂ ਕਰੇਗੀ।
ਕਾਂਗਰਸ ਆਗੂਆਂ ਨੇ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਵੱਲੋਂ ਇਸ ਘਟਨਾ ਨੂੰ ਧਾਰਮਿਕ ਸੰਸਥਾ ਵੱਲੋਂ ਕਰਵਾਏ ਗਏ ਆਮ ‘ਹਵਨ-ਯੱਗ’ ਵਜੋਂ ਪੇਸ਼ ਕੀਤੇ ਜਾਣ ਵਾਲੇ ਦਾਅਵੇ ਨੂੰ ਵੀ ਖਾਰਜ ਕੀਤਾ। ਉਨ੍ਹਾਂ ਦੋਸ਼ ਲਗਾਇਆ ਕਿ ਜੇਕਰ ਇਹ ਸਿਰਫ਼ ਧਾਰਮਿਕ ਰਸਮ ਸੀ ਤਾਂ ਇਸ ਦਾ ਸਮਾਂ ਅਤੇ ਸੰਦਰਭ ਵੀ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਦੀ ਮੌਜੂਦਗੀ ਵੀ ਸਾਹਮਣੇ ਆਈ ਹੈ, ਜਿਸ ਕਾਰਨ ਮਾਮਲਾ ਹੋਰ ਵੀ ਗੰਭੀਰ ਬਣ ਜਾਂਦਾ ਹੈ।
ਧਰਨੇ ਦੌਰਾਨ ਕਾਂਗਰਸ ਆਗੂਆਂ ਅਤੇ ਵਰਕਰਾਂ ਨੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਦੇਸ਼ ਵਿੱਚ ਸੰਵਿਧਾਨ, ਸਮਾਨਤਾ ਅਤੇ ਭਾਈਚਾਰੇ ਦੀ ਭਾਵਨਾ ਨੂੰ ਕਾਇਮ ਰੱਖਣਾ ਹਰ ਰਾਜਨੀਤਿਕ ਪਾਰਟੀ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਜਿਹੀ ਕਿਸੇ ਵੀ ਕਾਰਵਾਈ ਦਾ ਵਿਰੋਧ ਕਰੇਗੀ, ਜਿਸ ਨਾਲ ਸਮਾਜ ਵਿੱਚ ਜਾਤੀ ਜਾਂ ਧਾਰਮਿਕ ਵੰਡ ਨੂੰ ਵਧਾਵਾ ਮਿਲਦਾ ਹੋਵੇ।
