ਜਲੰਧਰ : ਜੇ ਐਸ ਸੰਧੂ ਤੇ ਕੰਵਲਜੀਤ ਸਿੰਘ ਮੱਕੜ – ਜਲੰਧਰ: ਭਗਤ ਸਿੰਘ ਕਾਲੋਨੀ ਵਿੱਚ ਇੱਕ ਸਾਲਾ ਬੱਚੇ ਰਾਜਨ ਦੇ ਲਾਪਤਾ ਹੋਣ ਦਾ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਹੈ। ਬੱਚੇ ਦੇ ਲਾਪਤਾ ਹੋਏ ਕਰੀਬ ਇੱਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਉਸ ਦਾ ਕੋਈ ਸੁਰਾਗ ਨਾ ਮਿਲਣ ਕਾਰਨ ਪਰਿਵਾਰ ਵਿੱਚ ਭਾਰੀ ਰੋਸ ਅਤੇ ਚਿੰਤਾ ਪਾਈ ਜਾ ਰਹੀ ਹੈ। ਸੋਮਵਾਰ ਨੂੰ ਪੀੜਤ ਪਰਿਵਾਰ ਨੇ ਬੱਚੇ ਦੀ ਭਾਲ ਅਤੇ ਇਨਸਾਫ਼ ਦੀ ਮੰਗ ਨੂੰ ਲੈ ਕੇ ਸੜਕ ’ਤੇ ਧਰਨਾ ਲਗਾ ਕੇ ਰਸਤਾ ਜਾਮ ਕਰ ਦਿੱਤਾ।
ਬੱਚੇ ਦੇ ਪਿਤਾ ਸ਼ੰਕਰ ਨੇ ਦੱਸਿਆ ਕਿ ਉਸ ਦੇ ਅੱਠ ਬੱਚੇ ਹਨ, ਜਿਨ੍ਹਾਂ ਵਿੱਚ ਤਿੰਨ ਧੀਆਂ ਅਤੇ ਪੰਜ ਪੁੱਤਰ ਹਨ। ਸਭ ਤੋਂ ਛੋਟਾ ਪੁੱਤਰ ਰਾਜਨ ਹੈ, ਜਿਸ ਦੀ ਉਮਰ ਕਰੀਬ ਇੱਕ ਸਾਲ ਹੈ। ਸ਼ੰਕਰ ਅਨੁਸਾਰ 15 ਸਤੰਬਰ ਦੀ ਰਾਤ ਉਹ ਆਪਣੇ ਪੁੱਤਰ ਰਾਜਨ ਨਾਲ ਘਰ ਵਿੱਚ ਸੁੱਤਾ ਹੋਇਆ ਸੀ। ਰਾਤ ਕਰੀਬ ਢਾਈ ਵਜੇ ਜਦੋਂ ਉਸ ਦੀ ਅੱਖ ਖੁੱਲ੍ਹੀ ਤਾਂ ਰਾਜਨ ਉਸ ਦੇ ਕੋਲ ਨਹੀਂ ਸੀ। ਪਰਿਵਾਰ ਨੇ ਤੁਰੰਤ ਬੱਚੇ ਦੀ ਭਾਲ ਸ਼ੁਰੂ ਕੀਤੀ ਅਤੇ ਮਾਮਲੇ ਸਬੰਧੀ ਥਾਣਾ ਨੰਬਰ-1 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ।
ਪਰਿਵਾਰ ਦਾ ਦੋਸ਼ ਹੈ ਕਿ ਬੱਚੇ ਦੀ ਭਾਲ ਵਿੱਚ ਮਦਦ ਕਰਨ ਦੀ ਬਜਾਏ ਪੁਲਿਸ ਵੱਲੋਂ ਉਨ੍ਹਾਂ ’ਤੇ ਹੀ ਬੱਚਾ ਵੇਚਣ ਵਰਗੇ ਦੋਸ਼ ਲਗਾਏ ਜਾ ਰਹੇ ਹਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੇ ਬੱਚਾ ਵੇਚਣਾ ਹੁੰਦਾ ਤਾਂ ਉਹ ਖੁਦ ਪੁਲਿਸ ਕੋਲ ਸ਼ਿਕਾਇਤ ਲੈ ਕੇ ਕਿਉਂ ਜਾਂਦੇ। ਉਨ੍ਹਾਂ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਥਾਣੇ ਦੇ ਚੱਕਰ ਲਗਾ ਰਹੇ ਹਨ ਪਰ ਅਜੇ ਤੱਕ ਬੱਚੇ ਦਾ ਕੋਈ ਪਤਾ ਨਹੀਂ ਲੱਗ ਸਕਿਆ।
ਇਨਸਾਫ਼ ਦੀ ਮੰਗ ਨੂੰ ਲੈ ਕੇ ਸੜਕ ਜਾਮ
ਪਰਿਵਾਰ ਨੇ ਦੱਸਿਆ ਕਿ ਬੱਚੇ ਦੀ ਭਾਲ ਵਿੱਚ ਕੋਈ ਠੋਸ ਕਾਰਵਾਈ ਨਾ ਹੋਣ ਕਾਰਨ ਉਹ ਮਜਬੂਰੀ ਵਿੱਚ ਸੜਕ ’ਤੇ ਉਤਰੇ ਹਨ। ਇਸ ਦੌਰਾਨ ਫੈਕਟਰੀ ਮਾਲਕ ਦੀਪਕ ਸੂਰੀ ਵੀ ਪਰਿਵਾਰ ਦੇ ਹੱਕ ਵਿੱਚ ਉਨ੍ਹਾਂ ਨਾਲ ਧਰਨੇ ਵਿੱਚ ਸ਼ਾਮਲ ਹੋਏ।
ਰਸਤਾ ਜਾਮ ਹੋਣ ਕਾਰਨ ਆਮ ਲੋਕਾਂ ਨੂੰ ਆਵਾਜਾਈ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਪੰਜਾਬੀ ਅਤੇ ਪ੍ਰਵਾਸੀ ਲੋਕਾਂ ਵਿਚਕਾਰ ਵੀ ਤਿੱਖੀ ਬਹਿਸ ਹੋਈ। ਕੁਝ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਪਰਿਵਾਰ ਦੇ ਬੱਚੇ ਦੇ ਲਾਪਤਾ ਹੋਣ ਦਾ ਦੁੱਖ ਹੈ, ਪਰ ਰਸਤਾ ਜਾਮ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਕੰਮਾਂ ਲਈ ਜਾਣ ਵਿੱਚ ਮੁਸ਼ਕਲ ਆ ਰਹੀ ਹੈ। ਇਸ ਕਾਰਨ ਮੌਕੇ ’ਤੇ ਕਾਫ਼ੀ ਦੇਰ ਤੱਕ ਹੰਗਾਮੇ ਵਾਲੀ ਸਥਿਤੀ ਬਣੀ ਰਹੀ ਅਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ।
ਉੱਧਰ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਇਨਸਾਫ਼ ਨਾ ਮਿਲਣ ਕਾਰਨ ਸੜਕ ’ਤੇ ਉਤਰਨ ਲਈ ਮਜਬੂਰ ਹੋਏ ਹਨ। ਉਨ੍ਹਾਂ ਦੀ ਮੰਗ ਹੈ ਕਿ ਪੁਲਿਸ ਬੱਚੇ ਦੀ ਗੰਭੀਰਤਾ ਨਾਲ ਭਾਲ ਕਰੇ ਅਤੇ ਉਸ ਨੂੰ ਜਲਦ ਤੋਂ ਜਲਦ ਬਰਾਮਦ ਕੀਤਾ ਜਾਵੇ।
‘ਜੇ ਬੱਚਾ ਵੇਚਿਆ ਹੁੰਦਾ ਤਾਂ ਥਾਣੇ ਸ਼ਿਕਾਇਤ ਕਰਨ ਕਿਉਂ ਆਉਂਦੇ’
ਦੀਪਕ ਸੂਰੀ ਨੇ ਪਰਿਵਾਰ ਦੀ ਗੱਲ ਰੱਖਦਿਆਂ ਕਿਹਾ ਕਿ ਬੱਚੇ ਦੇ ਪਿਤਾ ਸ਼ੰਕਰ ਦਾ ਸਵਾਲ ਹੈ ਕਿ ਜੇਕਰ ਉਨ੍ਹਾਂ ਨੇ ਬੱਚਾ ਵੇਚਿਆ ਹੁੰਦਾ ਤਾਂ ਉਹ ਪੁਲਿਸ ਕੋਲ ਸ਼ਿਕਾਇਤ ਕਰਨ ਕਿਉਂ ਜਾਂਦੇ। ਪਰਿਵਾਰ ਨੇ ਦਾਅਵਾ ਕੀਤਾ ਕਿ ਬਸਤੀ ਬਾਵਾ ਖੇਲ ਇਲਾਕੇ ਤੋਂ ਪਹਿਲਾਂ ਲਾਪਤਾ ਹੋਏ ਇੱਕ ਬੱਚੇ ਨੂੰ ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਬਰਾਮਦ ਕਰ ਲਿਆ ਸੀ, ਪਰ ਉਨ੍ਹਾਂ ਦੇ ਮਾਮਲੇ ਵਿੱਚ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ।
ਪਰਿਵਾਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਬੱਚੇ ਦੀ ਭਾਲ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ। ਮੌਕੇ ’ਤੇ ਪੁਲਿਸ ਦੀ ਮੌਜੂਦਗੀ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਲੋਕਾਂ ਵਿਚਕਾਰ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ।
