ਜਲੰਧਰ : ਜੇ ਐਸ ਸੰਧੂ ਤੇ ਕੰਵਲਜੀਤ ਸਿੰਘ ਮੱਕੜ – ਜਲੰਧਰ: ਬਸਤੀ ਬਾਵਾ ਖੇਲ ਦੇ ਪੰਨੂ ਵਿਹਾਰ ਇਲਾਕੇ ਵਿੱਚ 4 ਸਾਲਾ ਕੇਸ਼ਵ ਦੀ ਕਿਡਨੈਪਿੰਗ ਦੇ ਮਾਮਲੇ ਵਿੱਚ ਪੁਲਿਸ ਨੇ 72 ਘੰਟਿਆਂ ਦੇ ਅੰਦਰ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਉਸਦਾ ਦੂਜਾ ਸਾਥੀ ਹਾਲੇ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਦੀ ਪੁੱਛਗਿੱਛ ਦੌਰਾਨ ਇਸ ਮਾਮਲੇ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਮੁਲਜ਼ਮਾਂ ਨੇ ਬੱਚੇ ਨੂੰ ਇੱਕ ਲੱਖ ਰੁਪਏ ਵਿੱਚ ਵੇਚਣ ਦੀ ਡੀਲ ਕੀਤੀ ਸੀ ਅਤੇ ਇਸ ਸਬੰਧੀ 20 ਹਜ਼ਾਰ ਰੁਪਏ ਐਡਵਾਂਸ ਵੀ ਲਏ ਗਏ ਸਨ।
ਡੀਸੀਪੀ ਆਦਿਤਿਆ ਵਾਰਿਅਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਰਜਤ ਰੱਤੂ ਉਰਫ਼ ਰੌਕੀ ਪੁੱਤਰ ਲੇਟ ਰਾਮੇਸ਼ ਲਾਲ, ਵਾਸੀ ਆਦਮਪੁਰ ਵਜੋਂ ਹੋਈ ਹੈ। ਪੁਲਿਸ ਨੇ ਉਸਨੂੰ ਸੋਮਵਾਰ ਸਵੇਰੇ ਕਰੀਬ 5 ਵਜੇ ਉਸਦੇ ਪਿੰਡ ਤੋਂ ਗ੍ਰਿਫ਼ਤਾਰ ਕੀਤਾ।
ਪੁਲਿਸ ਮੁਤਾਬਕ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਬੱਚੇ ਨੂੰ ਅਗਵਾ ਕਰਨ ਤੋਂ ਬਾਅਦ ਮੁਲਜ਼ਮ ਉਸਨੂੰ ਵੇਚਣ ਦੀ ਕੋਸ਼ਿਸ਼ ਵਿੱਚ ਸਨ। ਇਸ ਦੌਰਾਨ ਸ਼ਹਿਰ ਵਿੱਚ ਪੁਲਿਸ ਵੱਲੋਂ ਕੀਤੀ ਗਈ ਨਾਕਾਬੰਦੀ ਕਾਰਨ ਉਹ ਆਪਣੀ ਯੋਜਨਾ ਨੂੰ ਅੰਜਾਮ ਨਹੀਂ ਦੇ ਸਕੇ। ਹਾਲਾਤ ਵਿਗੜਦੇ ਦੇਖ ਮੁਲਜ਼ਮ ਬੱਚੇ ਨੂੰ ਬੱਸ ਸਟੈਂਡ ’ਤੇ ਛੱਡ ਕੇ ਫਰਾਰ ਹੋ ਗਏ।
ਬੱਚੇ ਨੂੰ ਵੇਚਣ ਲਈ ਤੈਅ ਕੀਤੀ ਸੀ ਇੱਕ ਲੱਖ ਦੀ ਕੀਮਤ
ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਕੇਸ਼ਵ ਨੂੰ ਇੱਕ ਲੱਖ ਰੁਪਏ ਵਿੱਚ ਵੇਚਣ ਦੀ ਯੋਜਨਾ ਬਣਾਈ ਸੀ। ਇਸ ਡੀਲ ਲਈ 20 ਹਜ਼ਾਰ ਰੁਪਏ ਐਡਵਾਂਸ ਲਏ ਜਾਣ ਦੀ ਗੱਲ ਵੀ ਸਾਹਮਣੇ ਆਈ ਹੈ। ਪੁਲਿਸ ਨੇ ਬੱਚੇ ਨੂੰ ਖਰੀਦਣ ਦੀ ਯੋਜਨਾ ਵਿੱਚ ਸ਼ਾਮਲ ਦੱਸੇ ਜਾ ਰਹੇ ਵਿਅਕਤੀਆਂ ਨੂੰ ਵੀ ਕੇਸ ਵਿੱਚ ਨਾਮਜ਼ਦ ਕਰ ਲਿਆ ਹੈ।
ਡੀਸੀਪੀ ਨੇ ਦੱਸਿਆ ਕਿ ਮਾਮਲੇ ਵਿੱਚ ਰਜਤ ਰੱਤੂ ਦਾ ਸਾਥੀ ਪ੍ਰਿੰਸ ਹਾਲੇ ਫਰਾਰ ਹੈ ਅਤੇ ਉਸਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਕੱਪੜੇ ਬਦਲ ਕੇ ਕੀਤੀ ਸੀ ਫਰਾਰ ਹੋਣ ਦੀ ਕੋਸ਼ਿਸ਼
ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਕਿਡਨੈਪਿੰਗ ਤੋਂ ਬਾਅਦ ਮੁਲਜ਼ਮਾਂ ਨੇ ਆਪਣੇ ਕੱਪੜੇ ਬਦਲ ਲਏ ਸਨ। ਪੁਲਿਸ ਨੇ ਬਦਲੇ ਹੋਏ ਕੱਪੜੇ ਵੀ ਬਰਾਮਦ ਕਰ ਲਏ ਹਨ। ਜਾਂਚ ਮੁਤਾਬਕ ਮੁਲਜ਼ਮ ਬੱਚੇ ਨੂੰ ਕਿਸੇ ਜਾਣ-ਪਛਾਣ ਵਾਲੇ ਵਿਅਕਤੀ ਕੋਲ ਛੱਡ ਕੇ ਅੱਗੇ ਫਰਾਰ ਹੋਏ ਸਨ।
ਪੁਲਿਸ ਅਨੁਸਾਰ ਰਜਤ ਰੱਤੂ ਪੇਸ਼ੇ ਤੋਂ ਡਰਾਈਵਰ ਹੈ। ਮੁੱਢਲੀ ਪੁੱਛਗਿੱਛ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਇਸ ਤਰ੍ਹਾਂ ਦੀ ਵਾਰਦਾਤ ਪਹਿਲੀ ਵਾਰ ਕੀਤੀ ਹੈ।
ਕੇਸ਼ਵ ਨੂੰ ਹੀ ਕਿਉਂ ਬਣਾਇਆ ਨਿਸ਼ਾਨਾ, ਹੋਵੇਗੀ ਪੁੱਛਗਿੱਛ
ਪੁਲਿਸ ਹੁਣ ਇਹ ਪਤਾ ਲਗਾਉਣ ਲਈ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਕੇਸ਼ਵ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਗਿਆ ਅਤੇ ਬੱਚੇ ਨੂੰ ਵੇਚਣ ਦੀ ਯੋਜਨਾ ਕਿਸ ਨੇ ਬਣਾਈ ਸੀ। ਗ੍ਰਿਫ਼ਤਾਰ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਪੁੱਛਗਿੱਛ ਵਿੱਚ ਮਾਮਲੇ ਨਾਲ ਜੁੜੇ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
