ਜਲੰਧਰ : ਕੰਵਲਜੀਤ ਸਿੰਘ ਮੱਕੜ – ਮਾਤਾ ਗੁਜਰੀ ਖਾਲਸਾ ਸਕੂਲ ਵਿੱਚ ਬੱਚਾ ਚੁੱਕਣ ਵਾਲੇ ਵਿਅਕਤੀ ਦੇ ਦਾਖ਼ਲ ਹੋਣ ਸਬੰਧੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਖ਼ਬਰ ਨੂੰ ਪੁਲਿਸ ਨੇ ਬੇਬੁਨਿਆਦ ਕਰਾਰ ਦਿੱਤਾ ਹੈ। ਏਸੀਪੀ ਵੈਸਟ ਸ੍ਰੀ ਆਤਿਸ਼ ਭਾਟੀਆ, ਪੀਪੀਐਸ ਨੇ ਦੱਸਿਆ ਕਿ ਮਾਮਲੇ ਦੀ ਮੁੱਢਲੀ ਜਾਂਚ ਵਿੱਚ ਬੱਚਾ ਚੁੱਕਣ ਸਬੰਧੀ ਕੋਈ ਤੱਥ ਸਾਹਮਣੇ ਨਹੀਂ ਆਇਆ ਹੈ।
ਪੁਲਿਸ ਅਨੁਸਾਰ ਥਾਣਾ ਬਸਤੀ ਬਾਵਾ ਖੇਲ ਦੇ ਅਧੀਨ ਆਉਂਦੇ ਮਾਤਾ ਗੁਜਰੀ ਖਾਲਸਾ ਸਕੂਲ ਵਿੱਚ ਰਾਮ ਬਹਾਦਰ ਵਾਸੀ ਬਿਹਾਰ, ਜੋ ਇਸ ਸਮੇਂ ਮਕਸੂਦਾਂ ਮੰਡੀ ਦੇ ਨੇੜੇ ਰਹਿ ਰਿਹਾ ਹੈ, ਸ਼ਰਾਬ ਦੇ ਨਸ਼ੇ ਦੀ ਹਾਲਤ ਵਿੱਚ ਦਾਖ਼ਲ ਹੋਇਆ ਸੀ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਉਕਤ ਵਿਅਕਤੀ ਸਕੂਲ ਵਿੱਚ ਇੱਕ ਬੱਚੇ ਦੀ ਦਾਖ਼ਲਾ ਪ੍ਰਕਿਰਿਆ ਸਬੰਧੀ ਜਾਣਕਾਰੀ ਲੈਣ ਲਈ ਪੁੱਛਗਿੱਛ ਕਰ ਰਿਹਾ ਸੀ।
ਸਕੂਲ ਪ੍ਰਬੰਧਕਾਂ ਨੂੰ ਜਦੋਂ ਉਕਤ ਵਿਅਕਤੀ ਦੇ ਸਕੂਲ ਅੰਦਰ ਹੋਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਅਤੇ ਉਕਤ ਵਿਅਕਤੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।
ਪੁਰਾਣਾ ਕੋਈ ਮੁਕੱਦਮਾ ਨਹੀਂ ਮਿਲਿਆ
ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਜਾਂਚ ਦੌਰਾਨ ਰਾਮ ਬਹਾਦਰ ਖ਼ਿਲਾਫ਼ ਕੋਈ ਪੁਰਾਣਾ ਮੁਕੱਦਮਾ ਦਰਜ ਹੋਣ ਦੀ ਗੱਲ ਸਾਹਮਣੇ ਨਹੀਂ ਆਈ। ਇਸ ਤੋਂ ਇਲਾਵਾ ਬੱਚਾ ਚੁੱਕਣ ਜਾਂ ਕਿਸੇ ਬੱਚੇ ਨੂੰ ਨੁਕਸਾਨ ਪਹੁੰਚਾਉਣ ਸਬੰਧੀ ਵੀ ਕੋਈ ਤੱਥ ਜਾਂ ਸ਼ਿਕਾਇਤ ਸਾਹਮਣੇ ਨਹੀਂ ਆਈ। ਇਸ ਕਾਰਨ ਸੋਸ਼ਲ ਮੀਡੀਆ ’ਤੇ ਚੱਲ ਰਹੀ ਬੱਚਾ ਚੁੱਕਣ ਵਾਲੇ ਵਿਅਕਤੀ ਦੇ ਸਕੂਲ ਅੰਦਰ ਦਾਖ਼ਲ ਹੋਣ ਦੀ ਖ਼ਬਰ ਨੂੰ ਪੁਲਿਸ ਨੇ ਤੱਥਾਂ ਤੋਂ ਰਹਿਤ ਦੱਸਿਆ ਹੈ।
ਅਫ਼ਵਾਹਾਂ ’ਤੇ ਯਕੀਨ ਨਾ ਕਰਨ ਦੀ ਅਪੀਲ
ਏਸੀਪੀ ਵੈਸਟ ਵੱਲੋਂ ਆਮ ਲੋਕਾਂ ਅਤੇ ਮੀਡੀਆ ਭਾਈਚਾਰੇ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਸੋਸ਼ਲ ਮੀਡੀਆ ਪੋਸਟ, ਵੀਡੀਓ ਜਾਂ ਖ਼ਬਰ ਨੂੰ ਬਿਨਾਂ ਤਸਦੀਕ ਕੀਤੇ ਅੱਗੇ ਸਾਂਝਾ ਨਾ ਕੀਤਾ ਜਾਵੇ। ਅਣਪੁਸ਼ਟ ਜਾਣਕਾਰੀ ਕਾਰਨ ਲੋਕਾਂ ਵਿੱਚ ਬੇਲੋੜਾ ਡਰ ਅਤੇ ਭੰਬਲਭੂਸਾ ਪੈਦਾ ਹੋ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਸਕੂਲ ਪ੍ਰਬੰਧਨ ਨਾਲ ਉਕਤ ਵਿਅਕਤੀ ਦੇ ਸਕੂਲ ਅੰਦਰ ਦਾਖ਼ਲ ਹੋਣ ਦੇ ਤਰੀਕੇ ਅਤੇ ਮੌਜੂਦਾ ਸੁਰੱਖਿਆ ਪ੍ਰਬੰਧਾਂ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ। ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਵਿੱਚ ਲੋੜੀਂਦੇ ਸੁਰੱਖਿਆ ਉਪਾਅ ਹੋਰ ਮਜ਼ਬੂਤ ਕਰਨ ਸਬੰਧੀ ਵੀ ਵਿਚਾਰ ਕੀਤਾ ਜਾ ਰਿਹਾ ਹੈ।
