ਪਟਿਆਲਾ : ਅਸਤੀਫ਼ੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਬੁੱਧਵਾਰ ਦੀ ਸਵੇਰ ਆਪਣੀ ਪਹਿਲੀ ਵੀਡੀਓ ਸੋਸ਼ਲ ਮੀਡੀਆ ‘ਤੇ ਜਾਰੀ ਕੀਤੀ ਹੈ। ਸਿੱਧੂ ਨੇ ਫੇਰ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਅਸੂਲਾਂ ‘ਤੇ ਅੜੇ ਰਹਿਣ ਤੇ ਅਸੂਲਾਂ ਲਈ ਲੜਨ ਦੀ ਗੱਲ ਦੁਹਰਾਈ ਹੈ। ਸਿੱਧੂ ਨੇ ਕਿਹਾ ਕਿ 17 ਸਾਲ ਦਾ ਸਿਆਸੀ ਸਫ਼ਰ ਇਕ ਮਕਸਦ ਨਾਲ ਕੀਤਾ। ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਕਰਨਾ ਤੇ ਮੁੱਦਿਆਂ ਦੀ ਰਾਜਨੀਤੀ ਉੱਤੇ ਇਕ ਸਟੈਂਡ ਲੈ ਕੇ ਖੜ੍ਹਨਾ ਹੈ। ਸਿੱਧੂ ਨੇ ਕਿਹਾ ਇਹੀ ਮੇਰਾ ਧਰਮ ਸੀ, ਇਹੀ ਮੇਰਾ ਫ਼ਰਜ਼ ਸੀ। ਅੱਜ ਤਕ ਮੇਰੀ ਕਿਸੇ ਨਾਲ ਕੋਈ ਨਿੱਜੀ ਕਿੜ ਨਹੀਂ ਤੇ ਨਾ ਹੀ ਨਿਜੀ ਲੜਾਈਆਂ ਲੜੀਆਂ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਮੁੱਦਿਆਂ ਤੇ ਮਸਲਿਆਂ ਦੀ ਹੈ ਅਤੇ ਪੰਜਾਬ ਪੱਖੀ ਇਕ ਏਜੰਡੇ ਦੀ ਹੈ , ਜਿਸ ‘ਤੇ ਬਹੁਤ ਦੇਰ ਤੋਂ ਉਹ ਖੜ੍ਹੇ ਹਨ। ਸਿੱਧੂ ਨੇ ਕਿਹਾ ਇਸ ਏਜੰਡੇ ਦੇ ਨਾਲ ਪੰਜਾਬ ਦੇ ਪੱਖ ਪੂਰਨ ਲਈ ਹੱਕ ਸੱਚ ਦੀ ਲੜਾਈ ਲੜਦਾ ਰਿਹਾ ਹਾਂ।
ਇਸ ਵਿੱਚ ਕੋਈ ਸਮਝੌਤਾ ਹੀ ਨਹੀਂ ਸੀ ਤੇ ਅਹੁਦਿਆਂ ਦਾ ਵੀ ਕੋਈ ਮਾਅਨਾ ਹੀ ਨਹੀਂ ਸੀ, ਇਹ ਮੇਰਾ ਧਰਮ ਤੇ ਮੇਰਾ ਫ਼ਰਜ਼ ਸੀ।
ਸਿੱਧੂ ਨੇ ਕਿਹਾ ਕਿ ਅੱਜ ਜਦੋਂ ਮੈਂ ਦੇਖਦਾ ਹਾਂ ਤਾਂ ਉਨ੍ਹਾਂ ਮੁੱਦਿਆਂ ਨਾਲ ਸਮਝੌਤਾ ਹੋ ਰਿਹਾ ਹੈ। ਜਿਨ੍ਹਾਂ ਨੇ ਛੇ-ਛੇ ਸਾਲ ਪਹਿਲਾਂ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ ਅਤੇ ਛੋਟੇ-ਛੋਟੇ ਮੁੰਡਿਆਂ ਦੇ ਤਸ਼ੱਦਦ ਕੀਤੀ, ਉਨ੍ਹਾਂ ਨੂੰ ਸੂਬੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਇਹ ਸਭ ਦੇਖ ਕੇ ਮੇਰੀ ਰੂਹ ਕੁਰਲਾਉਂਦੀ ਹੈ।
ਬਲੈਂਕੇਟ ਬੇਲ ਦੇਣ ਵਾਲੇ ਐਡਵੋਕੇਟ ਜਨਰਲ ਹਨ। ਜਿਹੜੇ ਲੋਕ ਮਸਲਿਆਂ ਦੀ ਗੱਲ ਕਰਦੇ ਸਨ ਉਹ ਮਸਲੇ ਕਿੱਥੇ ਹਨ ਤੇ ਉਹ ਸਾਧਨ ਕਿੱਥੇ ਹਨ ਜਿਨ੍ਹਾਂ ਨਾਲ ਅਸੀਂ ਆਪਣੇ ਮੁਕਾਮ ਤਕ ਪੁੱਜਣਾ ਹੈ। ਸਿੱਧੂ ਨੇ ਕਿਹਾ ਕਿ ਨਾ ਮੈਂ ਹਾਈ ਕਮਾਂਡ ਨੂੰ ਗੁੰਮਰਾਹ ਕਰ ਸਕਦਾ ਅਤੇ ਨਾ ਗੁੰਮਰਾਹ ਹੋਣ ਦੇ ਸਕਦਾ ਹਾਂ।
ਗੁਰੂ ਦੇ ਇਨਸਾਫ਼ ਲਈ ਲੜਨ ਲਈ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਤੇ ਸਾਧਨਾ ਲਈ ਲੜਾਈ ਲੜਨ ਲਈ ਕਿਸੇ ਵੀ ਚੀਜ਼ ਦੀ ਕੁਰਬਾਨੀ ਦੇਵਾਂਗਾ ਤੇ ਆਪਣੇ ਸਿਧਾਂਤਾਂ ‘ਤੇ ਕਾਇਮ ਰਹਾਂਗਾ। ਸਿੱਧੂ ਨੇ ਕਿਹਾ ਕਿ ਇਸ ਸਭ ਲਈ ਮੈਨੂੰ ਸੋਚਣ ਦੀ ਕੋਈ ਲੋੜ ਨਹੀਂ ਹੈ
ਦਾਗੀ ਲੀਡਰਾਂ ਤੇ ਦਾਗੀ ਅਫਸਰਾਂ ਦਾ ਸਿਸਟਮ ਭੰਨਿਆ ਸੀ ਪਰ ਦੁਬਾਰਾ ਉਨ੍ਹਾਂ ਨੂੰ ਲਿਆ ਕੇ ਉਹੀ ਸਿਸਟਮ ਖੜ੍ਹਾ ਨਹੀਂ ਕੀਤਾ ਜਾ ਸਕਦਾ। ਸਭ ਤੋਂ ਵੱਡਾ ਮੁੱਦਾ ਸੀ ਕਿ ਮਾਵਾਂ ਦੀਆਂ ਕੁੱਖਾਂ ਨੂੰ ਰੋਲਣ ਵਾਲਿਆਂ ਦੀ ਰੱਖਿਆ ਕਰਨ ਵਾਲਿਆਂ ਨੂੰ ਹੋਈ ਪਹਿਰੇਦਾਰ ਬਣਾਇਆ ਜਾ ਰਿਹਾ ਹੈ। ਸਿੱਧੂ ਨੇ ਕਿਹਾ ਮੈਂ ਤਾਂ ਅੜੂੰ ਤੇ ਲੜੂੰ, ਜਾਂਦਾ ਸਭ ਕੁਝ ਜਾਵੇ, ਅਸੂਲੋਂ ਪੇ ਆਂਚ ਆਏ ਤੋਂ ਟਕਰਾਨਾ ਜ਼ਰੂਰੀ ਹੈ ਹੋਰ ਜ਼ਿੰਦਾ ਹੋ ਤੋ ਤੂੰ ਜ਼ਿੰਦਾ ਨਜ਼ਰ ਆਨਾ ਜ਼ਰੂਰੀ ਹੈ। ਪਿਤਾ ਨੂੰ ਯਾਦ ਕਰਦਿਆਂ ਸਿੱਧੂ ਭਾਵੁਕ ਵੀ ਹੋਏ।
