ਨਥਾਣਾ : ਨਥਾਣਾ ਬਲਾਕ ਦੇ ਪਿੰਡ ਭੈਣੀ ਵਿਖੇ ਕਰਜੇ ਹੇਠ ਦੱਬੇ ਇਕ ਨੌਜਵਾਨ ਕਿਸਾਨ ਨੇ ਆਰਥਿਕ ਤੰਗੀ ਦੇ ਚਲਦਿਆਂ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਇਕਾਈ ਦੇ ਪ੍ਰਧਾਨ ਬੂਟਾ ਸਿੰਘ ਭੈਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨ ਕਿਸਾਨ ਸੰਦੀਪ ਸਿੰਘ (26) ਵਾਸੀ ਭੈਣੀ ਜੋ ਕਿ ਕਿਸਾਨੀ ਪਰਿਵਾਰ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਇਸ ਪਰਿਵਾਰ ਦੀ ਪਹਿਲਾਂ ਹੀ ਸਿਰ ਚੜ੍ਹੇ ਕਰਜੇ ਕਰਕੇ ਜ਼ਮੀਨ ਵਿਕ ਚੁੱਕੀ ਹੈ ਅਤੇ ਹੁਣ ਵੀ ਇਸ ਪਰਿਵਾਰ ਦੇ ਸਿਰ ਪ੍ਰਾਈਵੇਟ ਫਾਇਨਾਂਸ ਕੰਪਨੀਆਂ ਅਤੇ ਆੜ੍ਹਤੀਆਂ ਦਾ ਕਰਜ਼ਾ ਹੈ ਅਤੇ ਕੁਝ ਰੁਪਏ ਇਧਰੋਂ-ਓਧਰੋਂ ਹੋਰ ਫੜ੍ਹੇ ਹੋਏ ਹਨ। ਇਹ ਕਿਸਾਨ ਪਰਿਵਾਰ ਜ਼ਮੀਨ ਠੇਕੇ ’ਤੇ ਲੈਕੇ ਆਪਣਾ ਗੁਜ਼ਾਰਾ ਕਰਦਾ ਹੈ ਪਰ ਲਗਾਤਾਰ ਖੇਤੀ ਵਿਚੋਂ ਘਾਟਾ ਪੈ ਰਿਹਾ ਸੀ। ਪਿਛਲੇ ਦਿਨ ਸੰਦੀਪ ਸਿੰਘ ਦਿੱਲੀ ਕਿਸਾਨੀ ਸੰਘਰਸ਼ ਧਰਨੇ ਤੋਂ ਵਾਪਸ ਆਇਆ ਸੀ ਕਿ ਉਸਨੇ ਜ਼ਹਿਰੀਲੀ ਵਸਤੂ ਨਿਗਲ ਲਈ, ਜਿਸ ਨੂ ਤੁਰੰਤ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਇਲਾਜ ਦੌਰਾਨ ਸੰਦੀਪ ਸਿੰਘ ਦੀ ਮੌਤ ਹੋ ਗਈ। ਕਿਸਾਨ ਸੰਦੀਪ ਸਿੰਘ ਆਪਣੇ ਪਿੱਛੇ ਪਤਨੀ ਅਤੇ 3 ਸਾਲ ਦਾ ਪੁੱਤਰ ਮਨਵੀਰ ਸਿੰਘ ਤੋਂ ਇਲਾਵਾ ਮਾਤਾ-ਪਿਤਾ ਛੱਡ ਗਿਆ। ਪਿੰਡ ਭੈਣੀ ਇਕਾਈ ਦੇ ਸੈਕਟਰੀ ਛਿੰਦਾ ਸਿੰਘ ਅਤੇ ਬਲਾਕ ਦੇ ਖਜ਼ਾਨਚੀ ਜਗਜੀਤ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਸਿਰ ਚੜ੍ਹਿਆ ਸਾਰਾ ਕਰਜ਼ਾ ਮਾਫ਼ ਕੀਤਾ ਜਾਵੇ ਅਤੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇ ਕੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
