ਰੈਲਮਾਜਰਾ/ਕਾਠਗੜ੍ਹ : ਟੌਂਸਾ ਸਨਅਤੀ ਖੇਤਰ ਵਿਚ ਪੈਂਦੀ ਇਕ ਦਵਾਈਆਂ ਬਣਾਉਣ ਵਾਲੀ ਫੈਕਟਰੀ ’ਚ ਡਿਊਟੀ ਦੌਰਾਨ ਗੈਸ ਚੜ੍ਹਨ ਕਾਰਨ ਇਕ ਵਰਕਰ ਦੀ ਹਾਲਤ ਕਾਫੀ ਵਿਗੜ ਗਈ। ਜਿਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਦੇ ਪਿਤਾ ਆਤਮਾ ਰਾਮ ਵਾਸੀ ਮੱਕੋਵਾਲ (ਜੱਬਾ) ਨੇ ਦੱਸਿਆ ਕਿ ਉਸ ਦਾ ਲੜਕਾ ਸ਼ਨੀ ਕੁਮਾਰ (22 ਸਾਲਾ) ਪਿਛਲੇ ਕਰੀਬ 3 ਮਹੀਨੇ ਤੋਂ ਟੌਂਸਾ ’ਚ ਇਕ ਦਵਾਈਆਂ ਬਣਾਉਣ ਵਾਲੀ ਇਕ ਫੈਕਟਰੀ ਵਿਚ ਐੱਸਐੱਸ ਕੰਸਲਟੈਂਸੀ ਚੰਡੀਗੜ੍ਹ ਦੇ ਅਧੀਨ ਐੱਮਬੀ ਪਲਾਂਟ ਵਿਚ ਕੰਮ ਕਰਦਾ ਸੀ। ਬੀਤੀ 10 ਅਕਤੂਬਰ ਨੂੰ ਬੀ ਸ਼ਿਫਟ ਦੀ ਡਿਊਟੀ ਦੌਰਾਨ ਇਕ ਪਾਊਡਰ (ਐਸਮਾ) ਨੂੰ ਡਾਊਨਲੋਡ ਕਰਕੇ ਕੇਨੀਆਂ ਵਿਚ ਪਾਉਂਦੇ ਸਮੇਂ ਗੈਸ ਚੜ੍ਹਨ ਨਾਲ ਉਸ ਦਾ ਲੜਕੇ ਦੀ ਹਾਲਤ ਕਾਫੀ ਵਿਗੜ ਗਈ। ਉਹ ਚੱਕਰ ਖਾ ਕੇ ਹੇਠਾਂ ਡਿੱਗ ਪਿਆ। ਜਿਸ ਨੂੰ ਪਹਿਲਾਂ ਫੈਕਟਰੀ ਵਾਲਿਆਂ ਨੇ ਫੈਕਟਰੀ ਅੰਦਰ ਬਣੇ ਫਾਸਟ ਸਪੀਡ ਕੇਂਦਰ ਤੋਂ ਦਵਾਈ ਦਿੱਤੀ। ਪਰ ਜਦੋਂ ਉਸ ਦੇ ਪੇਟ ਵਿਚ ਤੇਜ਼ ਦਰਦ ਹੋਣ ਲੱਗਾ ਤਾਂ ਫੈਕਟਰੀ ਦੀ ਐਂਬੂਲੈਂਸ ਵਿਚ ਫੈਕਟਰੀ ਵਾਲੇ ਉਸ ਨੂੰ ਰੋਪੜ ਦੇ ਇਕ ਨਿੱਜੀ ਹਸਪਤਾਲ ਵਿਚ ਲੈ ਗਏ। ਉਸ ਦੇ ਕੋਲ ਉਸ ਨਾਲ ਕੰਮ ਕਰਨ ਵਾਲੇ ਇਕ ਸਾਥੀ ਨੂੰ ਛੱਡ ਕੇ ਵਾਪਸ ਚਲੇ ਗਏ। ਇਸ ਤੋਂ ਬਾਅਦ ਉਸ ਦੇ ਸਾਥੀ ਨੇ ਫੋਨ ਕਰਕੇ ਸਾਰੀ ਜਾਣਕਾਰੀ ਦਿੱਤੀ ਅਤੇ ਉਹ ਤੁਰੰਤ ਆਪਣੇ ਲੜਕੇ ਕੋਲ ਰੋਪੜ ਪਹੁੰਚ ਗਏ। ਲੜਕੇ ਦੀ ਹਾਲਤ ਗੰਭੀਰ ਹੋਣ ਕਾਰਨ ਰੋਪੜ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਜਿੱਥੇ ਡਾਕਟਰਾਂ ਨੇ ਦੱਸਿਆ ਕਿ ਕੈਮੀਕਲ ਦੀ ਗੈਸ ਦਾ ਮਰੀਜ਼ ਦੇ ਦਿਲ ਅਤੇ ਅੰਦਰੂਨੀ ਅੰਗਾਂ ’ਤੇ ਕਾਫੀ ਬੁਰਾ ਅਸਰ ਪਿਆ ਹੈ ਇਸ ਦਾ ਅਪ੍ਰੇਸ਼ਨ ਹੀ ਹੱਲ ਹੈ। ਜਿਸ ਦਾ ਇਲਾਜ ਕਰਵਾਉਣ ਲਈ ਪਰਿਵਾਰਕ ਮੈਂਬਰਾਂ ਦਾ 3.50 ਲੱਖ ਰੁਪਏ ਦਾ ਖਰਚ ਆਇਆ ਹੈ। ਪੀੜਤ ਪਰਿਵਾਰਕ ਮੈਂਬਰਾਂ ਨੇ ਫੈਕਟਰੀ ਵਾਲਿਆਂ ਤੋਂ ਇਲਾਜ ਲਈ ਗੁਹਾਰ ਲਾਈ ਹੈ।
