ਚੰਡੀਗਡ਼੍ਹ : ਅਗਾਮੀ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਅੱਖਾਂ ਸੂਬੇ ਦੇ ਅਨੁਸੂਚਿਤ ਜਾਤੀ ਵਰਗ ਦੀਆਂ ਵੋਟਾਂ ’ਤੇ ਟਿਕੀਆਂ ਹੋਈਆਂ ਹਨ। ਇਸ ਦੀ ਵਜ੍ਹਾ ਸੂਬੇ ਵਿਚ ਅਨੁਸੂਚਿਤ ਜਾਤੀ ਵਰਗ ਦੀ ਦੇਸ਼ ਦੇ ਸੂਬਿਆਂ ਨਾਲ ਵੱਧ ਵਸੋਂ ਹੋਣਾ ਹੈ। ਸਾਲ 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਕੁੱਲ ਆਬਾਦੀ 2.77 ਕਰੋਡ਼ ਦੱਸੀ ਗਈ ਹੈ। ਇਸ ਵਿਚ ਐੱਸਸੀ ਵਰਗ ਦੀ ਅਬਾਦੀ 88.60 ਲੱਖ ਯਾਨੀ 31.9 ਫ਼ੀਸਦੀ ਹੈ ਜਦਕਿ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਰਾਜਸੀ ਆਗੂ ਸੂਬੇ ਵਿਚ 35 ਫ਼ੀਸਦੀ ਆਬਾਦੀ ਹੋਣ ਦਾ ਦਾਅਵਾ ਕਰ ਰਹੇ ਹਨ। ਦੋਆਬਾ ਖੇਤਰ ਵਿਚ ਤਾਂ ਐੱਸਸੀ ਭਾਈਚਾਰੇ ਦੀ ਆਬਾਦੀ 40 ਫ਼ੀਸਦੀ ਤੋਂ ਵੱਧ ਦੱਸੀ ਜਾਂਦੀ ਹੈ। ਕੁਝ ਹਲਕੇ ਅਜਿਹੇ ਹਨ ਜਿਨ੍ਹਾਂ ਵਿਚ ਐੱਸਸੀ ਭਾਈਚਾਰੇ ਦੀ ਆਬਾਦੀ ਬਹੁਤ ਜ਼ਿਆਦਾ ਹੈ ਜੋ ਕਿ ਕਿਸੇ ਵੀ ਪਾਰਟੀ ਨੂੰ ਹਰਾਉਣ ਤੇ ਜਿਤਾਉਣ ਦੀ ਵੱਡੀ ਭੂਮਿਕਾ ਰੱਖਦੇ ਹਨ। ਇਹੀ ਕਾਰਨ ਹੈ ਕਿ ਸਾਰੀਆਂ ਰਾਜਸੀ ਪਾਰਟੀਆਂ ਨੇ ਆਗਾਮੀ ਚੋਣਾਂ ਦੇ ਮੱਦੇਨਜ਼ਰ ਐੱਸਸੀ ਪੱਤਾ ਖੇਡਿਆ ਹੈ।
ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਨਾਲ ਚੋਣ ਗਠਜੋਡ਼ ਹੋਣ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਪ ਮੁੱਖ ਮੰਤਰੀ ਐੱਸਸੀ ਭਾਈਚਾਰੇ ਦਾ ਬਣਾਉਣ ਦੀ ਘੋਸ਼ਣਾ ਕਰ ਦਿੱਤੀ। ਹਿੰਦੂ ਵਰਗ ਨੂੰ ਖੁਸ਼ ਕਰਨ ਲਈ ਸੁਖਬੀਰ ਬਾਦਲ ਨੇ ਗਠਜੋਡ਼ ਦੀ ਸਰਕਾਰ ਬਣਨ ’ਤੇ ਹਿੰਦੂ ਭਾਈਚਾਰੇ ਦੇ ਨੁਮਾਇੰਦੇ ਨੂੰ ਵੀ ਉਪ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਹੈ। ਯਾਨੀ ਜੇਕਰ ਸੂਬੇ ਵਿਚ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਸਾਂਝੀ ਸਰਕਾਰ ਬਣਦੀ ਹੈ ਤਾਂ ਸੂਬੇ ਵਿਚ ਦੋ ਉਪ ਮੁੱਖ ਮੰਤਰੀ ਬਣਾਏ ਜਾਣਗੇ ਜਦਕਿ ਭਾਰਤੀ ਜਨਤਾ ਪਾਰਟੀ ਨੇ ਸੂਬੇ ਵਿਚ ਭਾਜਪਾ ਦੀ ਸਰਕਾਰ ਬਣਨ ’ਤੇ ਅਨੁਸੂਚਿਤ ਜਾਤੀ ਵਰਗ ਦੇ ਨੁਮਾਇੰਦੇ ਨੂੰ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਤਾਂ ਸਿਆਸੀ ਪਾਰਟੀਆਂ ਨੇ ਭਾਜਪਾ ਆਗੂਆਂ ਨੂੰ ਸਵਾਲ ਕੀਤੇ ਕਿ ਹੋਰਨਾਂ ਸੂਬਿਆਂ ਵਿਚ ਭਾਜਪਾ ਦੀਆਂ ਸਰਕਾਰਾਂ ਹਨ ਤਾਂ ਉਥੇ ਪਹਿਲਾਂ ਕਿਸੇ ਐੱਸਸੀ ਨੂੰ ਮੁੱਖ ਮੰਤਰੀ ਬਣਾਇਆ ਜਾਵੇ।
ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਹੀ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਉਮੀਦਾਂ ’ਤੇ ਪਾਣੀ ਫੇਰਦੇ ਹੋਏ ਐੱਸਸੀ ਵਰਗ ਦੀ ਨੁਮਾਇੰਦਗੀ ਕਰਨ ਵਾਲੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ। ਭਾਵੇਂ ਇਹ ਸੂਬੇ ਵਿਚ ਪੈਦਾ ਹੋਏ ਕਾਂਗਰਸ ਦੇ ਕਲੇਸ਼ ਕਾਰਨ ਹੀ ਸੰਭਵ ਹੋਇਆ ਹੈ ਪਰ ਜਾਤੀ ਤੇ ਧਾਰਮਿਕ ਸਮੀਕਰਨ ਨੂੰ ਧਿਆਨ ਵਿਚ ਰੱਖਦੇ ਹੋਏ ਕਾਂਗਰਸ ਨੇ ਦੋ ਉਪ ਮੁੱਖ ਮੰਤਰੀ ਬਣਾਏ ਹਨ। ਜੱਟ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਹਿੰਦੂ ਤੇ ਸ਼ਹਿਰੀ ਸਮਾਜ ਦੀ ਨੁਮਾਇੰਦਗੀ ਓਪੀ ਸੋਨੀ ਨੂੰ ਉਪ ਮੁੱਖ ਮੰਤਰੀ ਦੀ ਵਾਗਡੋਰ ਸੌਂਪੀ ਹੈ।
ਭਾਵੇਂ ਅਜੇ ਚੋਣਾਂ ਦਾ ਐਲਾਨ ਨਹੀਂ ਹੋਇਆ ਪਰ ਸਮਝਿਆ ਜਾ ਰਿਹਾ ਹੈ ਕਿ ਫਰਵਰੀ ਜਾਂ ਮਾਰਚ ਵਿਚ ਵੋਟਾਂ ਪੈ ਸਕਦੀਆਂ ਹਨ ਜਿਸ ਕਰਕੇ ਸਾਰੀਆਂ ਸਿਆਸੀ ਪਾਰਟੀਆਂ ਪੱਬਾਂ ਭਾਰ ਹੋਈਆਂ ਪਈਆਂ ਹਨ।
ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਸਿਆਸੀ ਪਾਰਟੀਆਂ ਦਾ ਅਨੁਸੂਚਿਤ ਜਾਤੀ ਵਰਗ ਨੂੰ ਵਧੇਰੇ ਤਵੱਜੋ ਦੇਣ ਦਾ ਕਾਰਨ ਜਿੱਥੇ ਸੂਬੇ ਵਿਚ ਸਭ ਤੋਂ ਵੱਧ ਆਬਾਦੀ ਹੋਣਾ ਹੈ, ਉੱਥੇ ਕਿਸਾਨ ਅੰਦੋਲਨ ਕਾਰਨ ਸੂਬੇ ਦੀ ਰਾਜਨੀਤੀ ਨੇ ਨਵੇਂ ਸਮੀਕਰਨ ਬਣਾਏ ਹਨ। ਸੂਬੇ ਦੀ ਸਿਆਸਤ ਵਿਚ ਜੱਟ ਭਾਈਚਾਰੇ ਦਾ ਲਗਾਤਾਰ ਦਬਦਬਾ ਰਿਹਾ ਹੈ, ਇਸ ਲਈ ਸਿਆਸੀ ਪਾਰਟੀਆਂ ਨੇ ਐੱਸਸੀ ਵਰਗ ਨੂੰ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਸੁਪਨੇ ਦਿਖਾਉਣੇ ਸ਼ੁਰੂ ਕੀਤੇ ਹਨ ਜਦਕਿ ਹੁਣ ਤਕ ਇਨ੍ਹਾਂ ਵਰਗਾਂ ਨੂੰ ਸਿਰਫ਼ ਸਿਆਸੀ ਪਾਰਟੀਆਂ ਨੇ ਸਿਰਫ਼ ਵੋਟ ਬੈਂਕ ਲਈ ਹੀ ਵਰਤਿਆ ਹੈ।
2011 ’ਚ ਹੋਈ ਜਨਗਣਨਾ ਦੇ ਅੰਕਡ਼ੇ ਦੱਸਦੇ ਹਨ ਕਿ ਸੂਬੇ ਵਿਚ 31.9 ਫ਼ੀਸਦੀ ਐੱਸਸੀ ਭਾਈਚਾਰੇ ਦੀ ਆਬਾਦੀ ਹੈ। ਇਨ੍ਹਾਂ ਵਿਚ 53.90 ਲੱਖ (19.4 ਫ਼ੀਸਦੀ) ਸਿੱਖ ਅਤੇ 34.92 ਲੱਖ (12.4 ਫ਼ੀਸਦੀ) ਹਿੰਦੂ ਹਨ ਜਦਕਿ 27390 ਬੋਧੀ, 10.11 ਲੱਖ ਆਦਿਧਰਮੀ ਹਨ। ਇਹੀ ਕਾਰਨ ਹੈ ਕਿ ਰਾਜਸੀ ਪਾਰਟੀਆਂ ਨੇ ਸੱਤਾ ਦੀ ਖੇਡ ਵਿਚ ਵੱਡੀ ਭੂਮਿਕਾ ਨਿਭਾਉਣ ਵਾਲੇ ਇਸ ਵਰਗ ’ਤੇ ਰਾਜਸੀ ਅੱਖ ਟਿਕਾਈ ਹੋਈ ਹੈ।
