ਲੁਧਿਆਣਾ : ਲੜਕੀ ਨੂੰ ਅਗਵਾ ਕਰਨ ਦੇ ਦੋਸ਼ ਹੇਠ ਥਾਣਾ ਪੀਏਯੂ ਦੀ ਪੁਲਿਸ ਨੇ ਭੱਦਲਵੱਢ ਬਰਨਾਲਾ ਦੇ ਰਹਿਣ ਵਾਲੇ ਗੋਪੀ ਅਤੇ ਸੀਪਾ ਨਾਮ ਦੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਲੜਕੀ ਅਤੇ ਮੁਲਜ਼ਮਾਂ ਦੀ ਤਲਾਸ਼ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ, ਜਲਦੀ ਹੀ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਕੇ ਲੜਕੀ ਬਰਾਮਦ ਕਰ ਲਈ ਜਾਵੇਗੀ। ਥਾਣਾ ਪੀਏਯੂ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ ਗੁੜਗਾਓਂ ‘ਚ ਕੰਮ ਕਰਦੀ ਸੀ ਤੇ ਡੌਲੀ ਨਾਮ ਦੀ ਅੌਰਤ ਕੋਲ ਕਿਰਾਏ ‘ਤੇ ਰਹਿੰਦੀ ਸੀ, ਜਿਸ ਨੂੰ 28 ਅਕਤੂਬਰ ਨੂੰ ਉਸ ਦੀ ਮਕਾਨ ਮਾਲਕਣ ਇਆਲੀ ਚੌਕ ‘ਚ ਉਤਾਰ ਕੇ ਚਲੀ ਗਈ। ਡੌਲੀ ਨੇ ਦੇਖਿਆ ਕਿ ਕਾਰ ‘ਚੋਂ ਉਤਾਰਨ ਤੋਂ ਬਾਅਦ ਲੜਕੀ ਨੂੰ ਉਨ੍ਹਾਂ ਦੇ ਹੀ ਘਰ ‘ਚ ਕੰਮ ਕਰਨ ਵਾਲਾ ਨੌਜਵਾਨ ਗੋਪੀ ਅਤੇ ਸੀਪਾ ਇੰਡੀਕਾ ਕਾਰ ‘ਚ ਬਿਠਾ ਕੇ ਲੈ ਗਏ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਲੜਕੀ ਨੂੰ ਮੁਲਜ਼ਮਾਂ ਨੇ ਅਗਵਾ ਕਰ ਕੇ ਕਿਸੇ ਅਣਪਛਾਤੀ ਥਾਂ ‘ਤੇ ਰੱਖਿਆ ਹੋਇਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
