ਲੁਧਿਆਣਾ : ਸ਼ਨਿੱਚਰਵਾਰ ਸ਼ਾਮ ਨੂੰ ਸਿਵਲ ਹਸਪਤਾਲ ਉਸ ਵੇਲੇ ਅਫ਼ਰਾ ਤਫ਼ਰੀ ਦਾ ਮਾਹੌਲ ਬਣ ਗਿਆ, ਦੂਸਰੀ ਮੰਜ਼ਿਲ ‘ਤੇ ਪੈਂਦੀ ਜੱਚਾ ਬੱਚਾ ਵਾਰਡ ਚੋਂ 15 ਦਿਨਾਂ ਦੀ ਬੱਚੀ ਚੋਰੀ ਹੋ ਗਈ। ਮਾਮਲੇ ਦੀ ਜਾਣਕਾਰੀ ਮਿਲਦੇ ਸਾਰ ਹੀ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਅਤੇ ਲੁਧਿਆਣਾ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ ਤੇ ਪੜਤਾਲ ਸ਼ੁਰੂ ਕੀਤੀ ।ਜਾਣਕਾਰੀ ਮੁਤਾਬਕ ਇਸਲਾਮਗੰਜ ਦੇ ਰਹਿਣ ਵਾਲੇ ਨਰਿੰਦਰ ਦੀ ਗਰਭਵਤੀ ਪਤਨੀ ਰਾਣੀ ਨੂੰ ਤਕਰੀਬਨ 16 ਦਿਨ ਪਹਿਲੋਂ ਸਿਵਲ ਹਸਪਤਾਲ ਦੇ ਜੱਚਾ ਬੱਚਾ ਵਾਰਡ ਵਿਚ ਦਾਖਲ ਕਰਵਾਇਆ ਗਿਆ।
15 ਦਿਨ ਪਹਿਲਾਂ ਰਾਣੀ ਨੇ ਇਕ ਬੱਚੀ ਨੂੰ ਜਨਮ ਦਿੱਤਾ । ਸਿਵਲ ਹਸਪਤਾਲ ਵਿੱਚ ਸ਼ਨਿੱਚਰਵਾਰ ਦੁਪਹਿਰ ਤਕ ਸਬ ਕੁਝ ਰੋਜ਼ ਵਾਂਗ ਚੱਲ ਰਿਹਾ ਸੀ। ਸ਼ਾਮ ਵੇਲੇ ਰਾਣੀ ਦੀ ਮਾਤਾ ਬੱਚੀ ਨੂੰ ਬੈੱਡ ਤੇ ਹੀ ਛੱਡ ਕੇ ਰਾਣੀ ਨੂੰ ਬਾਥਰੂਮ ਲੈ ਗਈ। ਤਕਰੀਬਨ ਪੰਜ ਮਿੰਟ ਬਾਅਦ ਜਦ ਰਾਣੀ ਅਤੇ ਉਸਦੀ ਮਾਤਾ ਵਾਪਸ ਆਈਆਂ ਤਾਂ ਬੱਚੀ ਨੂੰ ਬੈੱਡ ਤੇ ਨਾਂ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਰਾਣੀ ਅਤੇ ਉਸ ਦੀ ਮਾਤਾ ਨੇ ਪੂਰੇ ਵਾਰਡ ਵਿੱਚ ਬੱਚੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਉਸ ਸਬੰਧੀ ਕੋਈ ਵੀ ਜਾਣਕਾਰੀ ਨਾ ਮਿਲੀ।

ਰਾਣੀ ਨੂੰ ਅਚਾਨਕ ਖ਼ਿਆਲ ਆਇਆ ਕਿ ਉਸ ਦੇ ਬੈੱਡ ਦੇ ਲਾਗੇ ਇਕ ਔਰਤ ਤੇ ਕੁਝ ਸਾਲਾਂ ਦੇ ਬੱਚੇ ਨੂੰ ਲੈ ਕੇ ਖੜ੍ਹੀ ਸੀ ਜੋ ਉਥੋਂ ਗਾਇਬ ਸੀ। ਇਸ ਸਾਰੇ ਮਾਮਲੇ ਦੀ ਜਾਣਕਾਰੀ ਥਾਣਾ ਡਵੀਜ਼ਨ ਨੰਬਰ ਦੋ ਦੀ ਪੁਲਿਸ ਨੂੰ ਦਿੱਤੀ ਗਈ। ਬੱਚੇ ਚੋਰੀ ਹੋਣ ਦੀ ਖ਼ਬਰ ਮਿਲਦੇ ਹੀ ਸਿਵਲ ਹਸਪਤਾਲ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਭਾਜੜਾਂ ਪੈ ਗਈਆਂ। ਪੂਰੇ ਸਿਵਲ ਹਸਪਤਾਲ ਵਿਚ ਚੈਕਿੰਗ ਕੀਤੀ ਗਈ ਪਰ ਬਚੀ ਸਬੰਧੀ ਕੋਈ ਵੀ ਸੁਰਾਗ ਨਾ ਮਿਲਿਆ।
ਸੀਸੀਟੀਵੀ ਕੈਮਰਿਆਂ ਵਿੱਚ ਹੋਇਆ ਵਾਰਦਾਤ ਦਾ ਖੁਲਾਸਾ
ਮਾਮਲੇ ਦੀ ਜਾਣਕਾਰੀ ਮਿਲਦੇ ਸਾਰ ਹੀ ਥਾਣਾ ਡਵੀਜ਼ਨ ਨੰਬਰ ਦੋ ਦੀ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਜਦ ਜੱਚਾ ਬੱਚਾ ਵਾਰਡ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ‘ਤੇ ਝਾਤੀ ਮਾਰੀ ਤਾਂ ਕੈਮਰਿਆਂ ਵਿਚ ਬੱਚਾ ਚੋਰੀ ਕਰਨ ਵਾਲੀ ਔਰਤ ਦੀਆਂ ਤਸਵੀਰਾਂ ਆ ਗਈਆਂ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ ਦੋ ਦੇ ਇੰਚਾਰਜ ਸਤਪਾਲ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ।
