ਜਲੰਧਰ, ਜੇਐਨਐਨ : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਨਵੀਂ ਫਿਲਮ ‘ਸੂਰਿਆਵੰਸ਼ੀ’ ਦਾ ਪੰਜਾਬ ਦੇ ਕਿਸਾਨ ਸੰਗਠਨਾਂ ਨੇ ਵਿਰੋਧ ਕੀਤਾ ਹੈ। ਸ਼ਨੀਵਾਰ ਨੂੰ ਦੇਸ਼ ਭਰ ‘ਚ ਰਿਲੀਜ਼ ਹੋਈ ਇਸ ਫਿਲਮ ਦੇ ਵਿਰੋਧ ‘ਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕਈ ਥਾਵਾਂ ‘ਤੇ ਪ੍ਰਦਰਸ਼ਨ ਕੀਤਾ ਅਤੇ ਕਈ ਥਾਵਾਂ ‘ਤੇ ਸਿਨੇਮਾਘਰਾਂ ‘ਚ ਇਸ ਦੇ ਸ਼ੋਅ ਨੂੰ ਰੋਕ ਦਿੱਤਾ ਗਿਆ। ਪੰਜਾਬ ਦੇ ਬਰਨਾਲਾ, ਜਲਾਲਾਬਾਦ, ਮੋਗਾ ਅਤੇ ਜ਼ੀਰਕਪੁਰ ‘ਚ ਕਿਸਾਨ ਜਥੇਬੰਦੀਆਂ ਦੇ ਮੈਂਬਰਾਂ ਨੇ ਫਿਲਮ ਦੀ ਸਕਰੀਨਿੰਗ ਰੋਕ ਦਿੱਤੀ। ਕਿਸਾਨਾਂ ਨੇ ਦੋਸ਼ ਲਗਾਇਆ ਹੈ ਕਿ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨੋਂ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ, ਜਿਸ ਕਾਰਨ ਫਿਲਮ ਨਹੀਂ ਚੱਲਣ ਦਿੱਤੀ ਜਾਵੇਗੀ।
ਇਸੇ ਤਰ੍ਹਾਂ ਜ਼ੀਰਕਪੁਰ ਦੇ ਢਿੱਲੋਂ ਅਤੇ ਕੋਸਮੋ ਪਲਾਜ਼ਾ ਵਿਖੇ ਫਿਲਮ ਦੀ ਸਕ੍ਰੀਨਿੰਗ ਰੋਕ ਦਿੱਤੀ ਗਈ। ਬੀਕੇਯੂ (ਸਿੱਧੂਪੁਰ) ਦੇ ਮੁਹਾਲੀ ਪ੍ਰਧਾਨ ਕਿਰਪਾਲ ਸਿੰਘ ਸਿਆੜ, ਬੀ.ਕੇ.ਯੂ.(ਡਕੌਂਦਾ) ਦੇ ਪ੍ਰਧਾਨ ਜਗਜੀਤ ਸਿੰਘ ਕਰਾਲਾ ਆਦਿ ਨੇ ਕਿਹਾ ਕਿ ਖੇਤੀ ਸੁਧਾਰ ਕਾਨੂੰਨ ਨੂੰ ਰੱਦ ਕਰਵਾਉਣ ਲਈ ਦੇਸ਼ ਦੇ ਕਿਸਾਨ ਪਿਛਲੇ ਇਕ ਸਾਲ ਤੋਂ ਦਿੱਲੀ ਬਾਰਡਰ ’ਤੇ ਬੈਠੇ ਹਨ। ਇਸ ਦੇ ਨਾਲ ਹੀ ਕੁਝ ਕਲਾਕਾਰ ਆਪਣੇ ਨਿੱਜੀ ਹਿੱਤਾਂ ਲਈ ਪ੍ਰਧਾਨ ਮੰਤਰੀ ਦੀ ਤਾਰੀਫ ਕਰ ਰਹੇ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਇਹ ਫਿਲਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਚਾਰ ਲਈ ਬਣਾਈ ਗਈ ਹੈ। ਅੰਬਾਨੀ ਵਰਗੇ ਉਦਯੋਗਪਤੀਆਂ ਨੇ ਫਿਲਮ ਨਿਰਮਾਣ ਵਿਚ ਪੈਸਾ ਲਗਾਇਆ ਹੈ। ਕਿਸਾਨਾਂ ਨੇ ਪੰਜਾਬ ਦੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਅਦਾਕਾਰ ਸੰਨੀ ਦਿਓਲ ‘ਤੇ ਵੀ ਕਿਸਾਨਾਂ ਦੇ ਹੱਕ ‘ਚ ਆਵਾਜ਼ ਨਾ ਚੁੱਕਣ ਦਾ ਦੋਸ਼ ਲਗਾਇਆ ਹੈ।
ਜਲਾਲਾਬਾਦ ‘ਚ ਵੀ ਕਿਸਾਨਾਂ ਨੇ ਅਕਸ਼ੈ ਕੁਮਾਰ ਦੀ ਫਿਲਮ ਦਾ ਵਿਰੋਧ ਕੀਤਾ। ਕਿਸਾਨ ਆਗੂ ਮਨਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਅਕਸ਼ੈ ਕੁਮਾਰ ਆਪਣੇ ਨਿੱਜੀ ਹਿੱਤਾਂ ਲਈ ਪ੍ਰਧਾਨ ਮੰਤਰੀ ਦੀ ਤਾਰੀਫ਼ ਕਰ ਰਹੇ ਹਨ। ਅਕਸ਼ੈ ਕੁਮਾਰ ਦੀ ਕੋਈ ਵੀ ਫਿਲਮ ਪੰਜਾਬ ‘ਚ ਨਹੀਂ ਚੱਲਣ ਦਿੱਤੀ ਜਾਵੇਗੀ। ਇਸੇ ਤਰ੍ਹਾਂ ਮੋਗਾ ਵਿਚ ਕਿਸਾਨਾਂ ਦੇ ਧਰਨੇ ਤੋਂ ਬਾਅਦ ਥੀਏਟਰ ਮਾਲਕਾਂ ਨੇ ਵੀ ਫਿਲਮ ਸੂਰਿਆਵੰਸ਼ੀ ਦੇ ਪੋਸਟਰ ਉਤਾਰ ਕੇ ਫਿਲਮ ਬੰਦ ਕਰਵਾ ਦਿੱਤੀ। ਇਕ ਸਿਨੇਮਾ ਹਾਲ ਦੇ ਪ੍ਰਬੰਧਕ ਰਾਜ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਮਾਹੌਲ ਸ਼ਾਂਤ ਰੱਖਣ ਦੇ ਹੁਕਮ ਦਿੱਤੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮ ਦੀ ਸਕ੍ਰੀਨਿੰਗ ਬੰਦ ਕਰ ਦਿੱਤੀ।
ਬਰਨਾਲਾ ‘ਚ ਜੀ ਮੱਲ ‘ਚ ਕਿਸਾਨਾਂ ਨੇ ਧਰਨਾ ਦਿੱਤਾ। ਭਾਰਤੀ ਕਿਸਾਨ ਯੂਨੀਅਨ (ਕਾਦੀਆ) ਦੇ ਆਗੂਆਂ ਸਿਕੰਦਰ ਸਿੰਘ, ਜਸਮੇਲ ਸਿੰਘ, ਬਿੱਟੂ ਸਿੰਘ ਅਤੇ ਗੁਰਵਿੰਦਰ ਸਿੰਘ ਆਦਿ ਨੇ ਕਿਹਾ ਕਿ ਪੰਜਾਬ ‘ਚ ਖੇਤੀ ਕਾਨੂੰਨਾਂ ਦੀ ਹਮਾਇਤ ਨਾ ਕਰਨ ਵਾਲੇ ਕਿਸੇ ਵੀ ਵਿਅਕਤੀ ਦੀ ਫਿਲਮ ਜਾਂ ਸ਼ੋਅ ਦਾ ਪ੍ਰਚਾਰ ਪੰਜਾਬ ਵਿਚ ਨਹੀਂ ਹੋਣ ਦਿੱਤਾ ਜਾਵੇਗਾ। ਖੇਤੀ ਕਾਨੂੰਨਾਂ ਨਾਲ ਪੰਜਾਬ ਪੂਰੀ ਤਰ੍ਹਾਂ ਆਰਥਿਕ ਤੌਰ ‘ਤੇ ਤਬਾਹ ਹੋ ਜਾਵੇਗਾ। ਦੂਜੇ ਪਾਸੇ ਜ਼ੀ ਮਾਲ ਦੇ ਮੈਨੇਜਰ ਨਵੀਨ ਕੁਮਾਰ ਨੇ ਦੱਸਿਆ ਕਿ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਫਿਲਮ ਦੀ ਸਕ੍ਰੀਨਿੰਗ ਰੋਕ ਦਿੱਤੀ ਗਈ ਹੈ।
