ਜੇਐੱਨਐੱਨ, ਜਲੰਧਰ : ਕੇਂਦਰ ਵੱਲੋਂ ਪੈਟਰੋਲ-ਡੀਜ਼ਲ ਦੀ ਵਿਕਰੀ ‘ਤੇ ਐਕਸਾਈਜ਼ ਡਿਊਟੀ ਘਟਾਉਣ ਤੇ ਹੋਰ ਗੁਆਂਢੀ ਮੁਲਕਾਂ ‘ਚ ਵੈਟ ਦਰਾਂ ਘਟਣ ਤੋਂ ਬਾਅਦ ਸੂਬੇ ਦੇ ਪੈਟਰੋਲ ਪੰਪ ਡੀਲਰ ਵੀ ਪੰਜਾਬ ਸਰਕਾਰ ਫ਼ੈਸਲੇ ਦਾ ਇੰਤਜ਼ਾਰ ਕਰ ਰਹੇ ਸਨ। ਜਿਵੇਂ ਹੀ ਚੰਨੀ ਸਰਕਾਰ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਲੜੀਵਾਰ 10 ਤੇ 5 ਰੁਪਏ ਦੀ ਕਟੌਤੀ ਦਾ ਐਲਾਨ ਕੀਤਾ, ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਨੇ ਵੀ ਹੜਤਾਲ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ, ਪੰਜਾਬ (ਪੀਪੀਡੀਏਪੀ) ਨੇ 7 ਨਵੰਬਰ ਤੋਂ ਸ਼ਾਮ 5 ਵਜੇ ਤਕ ਹੀ ਪੈਟਰੋਲ ਪੰਪ ਖੋਲ੍ਹਣ ਦੇ ਤਜਵੀਜ਼ਸ਼ੁਦਾ ਆਪਣੇ ਵਿਰੋਧ ਪ੍ਰਦਰਸ਼ਨ ਨੂੰ ਪੰਜਾਬ ਸਰਕਾਰ ਦਾ ਫ਼ੈਸਲਾ ਆਉਣ ਤਕ ਮੁਲਤਵੀ ਕਰ ਦਿੱਤਾ ਸੀ ਜਿਸ ਦੀ ਪੁਸ਼ਟੀ ਪੀਪੀਡੀਏਪੀ ਦੇ ਬੁਲਾਰੇ ਮੋਂਟੀ ਗੁਰਮੀਤ ਸਹਿਗਲ ਨੇ ਕੀਤੀ।
ਪੀਪੀਡੀਏਪੀ ਨੇ ਮਾਰਜਨ ਵਧਾਉਣ ਸਮੇਤ ਹੋਰ ਮੰਗਾਂ ਨੂੰ ਲੈ ਕੇ 7 ਨਵੰਬਰ ਤੋਂ ਸਰਕਾਰ ਖਿਲਾਫ਼ ਆਪਣੇ ਪੈਟਰੋਲ ਪੰਪ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤਕ ਹੀ ਖੁੱਲ੍ਹੇ ਰੱਖਣ ਦਾ ਫ਼ੈਸਲਾ ਲਿਆ ਸੀ। ਇਸ ਤੋਂ ਇਲਾਵਾ ਮੰਗਾਂ ਨਾ ਮੰਨੇ ਜਾਣ ‘ਤੇ 22 ਨਵੰਬਰ ਨੂੰ ਸੂਬੇ ਭਰ ਦੇ ਪੈਟਰੋਲ ਪੰਪ ਬੰਦ ਕਰ ਦੇਣ ਦੀ ਚਿਤਾਵਨੀ ਦਿੱਤੀ ਸੀ।
ਮੋਂਟੀ ਗੁਰਮੀਤ ਸਹਿਗਲ ਨੇ ਕਿਹਾ ਸੀ ਕਿ ਐਸੋਸੀਏਸ਼ਨ ਆਗਾਮੀ ਸੋਮਵਾਰ ਤਕ ਸਰਕਾਰ ਦੇ ਫ਼ੈਸਲੇ ਦਾ ਇੰਤਜ਼ਾਰ ਕਰੇਗੀ। ਜੇਕਰ ਸਰਕਾਰ ਨੇ ਖਪਤਕਾਰਾਂ ਤੇ ਪੈਟਰੋਲੀਅਮ ਡੀਲਰਜ਼ ਦੇ ਪੱਖ ਵਿਚ ਕੋਈ ਫੈ਼ਸਲਾ ਲਿਆ ਜਾਂ ਪਾਜ਼ੇਟਿਵ ਐਲਾਨ ਕੀਤਾ ਤਾਂ ਫਿਰ ਹੜਤਾਲ ਨਹੀਂ ਕੀਤੀ ਜਾਵੇਗੀ। ਨਹੀਂ ਤਾਂ ਸੋਮਵਾਰ ਤੋਂ ਪਹਿਲਾਂ ਨਿਰਧਾਰਤ ਪ੍ਰੋਗਰਾਮ ਮੁਤਾਬਕ ਹੜਤਾਲ ਸ਼ੁਰੂ ਕਰ ਦਿੱਤੀ ਜਾਵੇਗੀ।
