ਤਰਨਤਾਰਨ : ਅੰਮਿ੍ਤਸਰ ਜ਼ਿਲ੍ਹੇ ਨਾਲ ਸਬੰਧਤ ਦੋ ਭਰਾਵਾਂ ਨੂੰ 20 ਕਿੱਲੋ ਤੋਂ ਵੱਧ ਅਫੀਮ ਸਮੇਤ ਗਿ੍ਫਤਾਰ ਕਰਨ ਅਤੇ ਫਿਰ 40 ਲੱਖ ਦੀ ਰਿਸ਼ਵਤ ਲੈ ਕੇ ਛੱਡ ਦੇਣ ਦੇ ਦੋਸ਼ਾਂ ਹੇਠ ਗਿ੍ਫਤਾਰ ਕੀਤੇ ਪੁਲਿਸ ਦੇ 2 ਸਿਪਾਹੀਆਂ ਨੂੰ ਸੋਮਵਾਰ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਇਨ੍ਹਾਂ ਨੂੰ ਤਿੰਨ ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ। ਇਨ੍ਹਾਂ ਦੋ ਮੁਲਜ਼ਮਾਂ ਸਮੇਤ 6 ਜਣਿਆਂ ਦੇ ਖ਼ਿਲਾਫ਼ ਥਾਣਾ ਸਿਟੀ ਤਰਨਤਾਰਨ ਵਿਚ ਐਤਵਾਰ ਨੂੰ ਕੇਸ ਦਰਜ ਕੀਤਾ ਗਿਆ ਸੀ। ਫ਼ਰਾਰ ਚੱਲੇ ਆ ਰਹੇ ਦੋ ਹੌਲਦਾਰਾਂ ਦੀ ਗਿ੍ਫਤਾਰੀ ਲਈ ਪੁਲਿਸ ਨੇ ਕਾਰਵਾਈ ਅਰੰਭ ਦਿੱਤੀ ਹੈ। ਅੰਮਿ੍ਤਸਰ ਪੁਲਿਸ ਵੱਲੋਂ ਫੜੇ ਗਏ ਮੁਲਜ਼ਮ ਦੋ ਭਰਾਵਾਂ ਨੂੰ ਪ੍ਰਰੋਡਕਸ਼ਨ ਵਾਰੰਟ ਰਾਹੀਂ ਹਿਰਾਸਤ ਵਿਚ ਲਿਆ ਜਾਵੇਗਾ।
ਦੱਸਣਾ ਬਣਦਾ ਹੈ ਕਿ ਪੁਲਿਸ ਦੇ ਸਪੈਸ਼ਲ ਸੈੱਲ ਤਰਨਤਾਰਨ ਵਿਖੇ ਤਾਇਨਾਤ ਹੈੱਡ ਕਾਂਸਟੇਬਲ ਸੁਖਵਿੰਦਰ ਸਿੰਘ, ਹੈੱਡ ਕਾਂਸਟੇਬਲ ਮਲਕੀਤ ਸਿੰਘ, ਕਾਂਸਟੇਬਲ ਅਰਪਿੰਦਰਜੀਤ ਸਿੰਘ ਤੇ ਅਰਸ਼ਦੀਪ ਸਿੰਘ ਨੇ 28 ਅਗਸਤ ਨੂੰ ਰਣਜੀਤ ਸਿੰਘ ਰਾਣਾ ਤੇ ਜਸਪਾਲ ਸਿੰਘ (ਦੋਵੇਂ ਭਰਾ) ਵਾਸੀ ਭਿੱਟੇਵੱਢ (ਅੰਮਿ੍ਤਸਰ) ਨੂੰ 20 ਕਿੱਲੋ ਅਫੀਮ ਬਰਾਮਦ ਕਰ ਕੇ ਹਿਰਾਸਤ ਵਿਚ ਲਿਆ ਸੀ। ਫਿਰ 40 ਲੱਖ ਰੁਪਏ ਰਿਸ਼ਵਤ ਲੈ ਕੇ ਇਨ੍ਹਾਂ ਨੂੰ ਛੱਡ ਦਿੱਤਾ। ਇਹੀ ਨਹੀਂ, ਬਰਾਮਦ ਕੀਤੀ ਗਈ ਅਫੀਮ ਮੁਲਾਜ਼ਮਾਂ ਨੇ ਆਪਣੇ ਕੋਲ ਰੱਖ ਲਈ ਸੀ। ਭਿੱਟੇਵੱਢ ਵਾਸੀ ਦੋਵੇਂ ਭਰਾ ਰਣਜੀਤ ਰਾਣਾ ਤੇ ਜਸਪਾਲ ਸਿੰਘ ਨੂੰ ਥਾਣਾ ਸਟੇਟ ਸਪੈਸ਼ਲ ਆਪੇ੍ਸ਼ਨ ਸੈੱਲ ਅੰਮਿ੍ਤਸਰ ਦੀ ਪੁਲਿਸ 28 ਅਕਤੂਬਰ ਨੂੰ ਗਿ੍ਫਤਾਰ ਕੀਤਾ ਤਾਂ ਉਨ੍ਹਾਂ ਨੇ 20 ਤੋਂ 21 ਕਿਲੋ ਅਫੀਮ ਦੀ ਬਰਾਮਦਗੀ ਤੇ ਫਿਰ 40 ਲੱਖ ਦੀ ਰਿਸ਼ਵਤ ਦੇ ਕੇ ਛੁੱਟ ਜਾਣ ਦੀ ਕਹਾਣੀ ਦੱਸ ਦਿੱਤੀ।
ਥਾਣਾ ਸਿਟੀ ਤਰਨਤਾਰਨ ਵਿਚ ਦਰਜ ਕੀਤੇ ਗਏ ਕੇਸ ਦੇ ਜਾਂਚ ਅਧਿਕਾਰੀ ਡੀਐੱਸਪੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ, ਮਲਕੀਤ ਸਿੰਘ, ਅਰਪਿੰਦਰਜੀਤ ਸਿੰਘ ਤੇ ਅਰਸ਼ਦੀਪ ਸਿੰਘ ਤੋਂ ਇਲਾਵਾ ਰਣਜੀਤ ਰਾਣਾ ਤੇ ਜਸਪਾਲ ਸਿੰਘ ਨੂੰ ਵੀ ਕੁਰੱਪਸ਼ਨ ਤੇ ਐੱਨਡੀਪੀਐੱਸ ਐਕਟ ਦੇ ਮਾਮਲੇ ਵਿਚ ਨਾਮਜਦ ਕੀਤਾ ਗਿਆ ਹੈ। ਗਿ੍ਫਤਾਰ ਕੀਤੇ ਗਏ ਕਾਂਸਟੇਬਲ ਅਰਪਿੰਦਰਜੀਤ ਤੇ ਅਰਸ਼ਦੀਪ ਸਿੰਘ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ‘ਤੇ ਲਿਆ ਗਿਆ ਹੈ, ਜਿਨ੍ਹਾਂ ਕੋਲੋਂ ਅਫੀਮ ਤੇ ਪੈਸਿਆਂ ਬਾਰੇ ਜਾਣਕਾਰੀ ਇਕੱਤਰ ਕੀਤੀ ਜਾਵੇਗੀ। ਫ਼ਰਾਰ ਚੱਲੇ ਆ ਰਹੇ 2 ਹੈੱਡ ਕਾਂਸਟੇਬਲਾਂ ਨੂੰ ਜਲਦੀ ਗਿ੍ਫਤਾਰ ਕਰ ਲਿਆ ਜਾਵੇਗਾ। ਰਾਣਾ ਤੇ ਜਸਪਾਲ ਨੂੰ ਪ੍ਰਰੋਡਕਸ਼ਨ ਵਾਰੰਟ ‘ਤੇ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ।
