ਜੇਐੱਨਐੱਨ, ਜਲੰਧਰ : ਡੀਜ਼ਲ ਦੀ ਵਿਕਰੀ ਸਬੰਧੀ ਅਰਸੇ ਬਾਅਦ ਪੰਜਾਬ ‘ਚ ਹਾਲਾਤ ਕੁਝ ਬਦਲੇ-ਬਦਲੇ ਨਜ਼ਰ ਆ ਰਹੇ ਹਨ। ਪੰਜਾਬ ‘ਚ 8 ਦਿਨਾਂ ਤੋਂ ਹਰਿਆਣਾ ਦੇ ਮੁਕਾਬਲੇ ਡੀਜ਼ਲ ਤੇ ਪੈਟਰੋਲ ਸਸਤਾ ਵਿਕ ਰਿਹਾ ਹੈ, ਜਿਹੜਾ ਸਰਹੱਦੀ ਖੇਤਰਾਂ ‘ਚ ਪੰਜਾਬ ਦੇ ਪੈਟਰੋਲ ਪੰਪਾਂ ਦੀ ਵਿਕਰੀ ਵਧਾ ਰਿਹਾ ਹੈ। ਹਰਿਆਣਾ ਦੇ ਮੁਕਾਬਲੇ ਪੰਜਾਬ ‘ਚ ਡੀਜ਼ਲ ਦੀ ਕੀਮਤ ਲਗਪਗ ਸਵਾ ਤਿੰਨ ਰੁਪਏ ਪ੍ਰਤੀ ਲੀਟਰ ਘੱਟ ਹੋ ਗਈ ਹੈ। ਪੈਟਰੋਲ ਲਗਪਗ 1 ਰੁਪਏ ਸਸਤਾ ਹੈ। ਇਸ ਕਾਰਨ ਹਰਿਆਣਾ ਨਾਲ ਲਗਦੇ ਪੰਜਾਬ ਦੇ ਸਰਹੱਦੀ ਖੇਤਰ ‘ਚ ਪੈਟਰੋਲ ਪੰਪ ਸੰਚਾਲਕ ਕੁਝ ਰਾਹਤ ਮਹਿਸੂਸ ਕਰ ਰਹੇ ਹਨ। ਹਰਿਆਣਾ ਦੇ ਨਾਲ ਲਗਦੇ ਪੰਜਾਬ ਦੇ ਖੇਤਰ ਅਤੇ ਪੰਜਾਬ ਤੋਂ ਹਰਿਆਣਾ ਵੱਲ ਜਾਣ ਵਾਲੇ ਹਾਈਵੇ ਉੱਪਰ ਸਥਿਤ ਪੰਜਾਬ ਦੇ ਪੈਟਰੋਲ ਪੰਪ ਸੰਚਾਲਕ ਹੁਣ ਖਪਤਕਾਰਾਂ ਨੂੰ ਆਕਰਸ਼ਿਤ ਕਰਨ ਲਈ ਬੋਰਡ ਤਕ ਲਗਾ ਰਹੇ ਹਨ ਕਿ ਉਨ੍ਹਾਂ ਦੇ ਇੱਥੇ ਹਰਿਆਣਾ ਦੇ ਮੁਕਾਬਲੇ ਤੇਲ ਸਸਤਾ ਹੈ।
ਪੰਜਾਬ ਸਰਹੱਦ ਨੇੜੇ ਸਥਿਤ ਪੰਚਕੂਲਾ ‘ਚ ਸੋਮਵਾਰ ਨੂੰ ਡੀਜ਼ਲ ਦੀ ਕੀਮਤ 86.88 ਰੁਪਏ ਪ੍ਰਤੀ ਲੀਟਰ ਸੀ ਜਦਕਿ ਪੰਜਾਬ ‘ਚ ਡੀਜ਼ਲ ਦੀ ਕੀਮਤ 83.73 ਰੁਪਏ ਪ੍ਰਤੀ ਲੀਟਰ ਦੇ ਲਗਪਗ ਹੈ। ਹਰਿਆਣਾ ‘ਚ ਇਸ ਵੇਲੇ ਪੈਟਰੋਲ ਦੀ ਕੀਮਤ 95.67 ਰੁਪਏ ਪ੍ਰਤੀ ਲੀਟਰ ਦੇ ਲਗਪਗ ਹੈ, ਜਦਕਿ ਪੰਜਾਬ ‘ਚ ਪੈਟਰੋਲ 94.91 ਰੁਪਏ ਪ੍ਰਤੀ ਲੀਟਰ ਦੀ ਦਰ ‘ਤੇ ਵਿਕ ਰਿਹਾ ਹੈ। ਪੰਜਾਬ ਸਰਕਾਰ ਨੇ ਬੀਤੀ 7 ਨਵੰਬਰ ਨੂੰ ਪੈਟਰੋਲ ਦੀ ਵਿਕਰੀ ਉੱਪਰ ਵਸੂਲੇ ਜਾਣ ਵਾਲੇ ਵੈਟ ‘ਚ 10 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਵਿਕਰੀ ‘ਤੇ ਵਸੂਲੇ ਜਾਣ ਵਾਲੇ ਵੈਟ ‘ਚ 5 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਸੀ। ਇਸ ਤੋਂ ਬਾਅਦ ਪੰਜਾਬ ‘ਚ ਡੀਜ਼ਲ ਦਾ ਮੁੱਲ ਹਰਿਆਣਾ ਦੇ ਮੁਕਾਬਲੇ ਘੱਟ ਗਿਆ ਹੈ।
ਹਿਮਾਚਲ ‘ਚ ਪੰਜਾਬ ਤੋਂ ਵੀ ਸਸਤਾ ਪੈਟਰੋਲ
ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ, ਪੰਜਾਬ (PPDAP) ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੈਟਰੋਲ ਤੀਆਂ ਕੀਮਤਾਂ ‘ਚ ਵੀ ਗੁਆਂਢੀ ਸੂਬਿਆਂ ਮੁਤਾਬਕ ਵੈਟ ਦਰ ਘਟਾਈ ਜਾਵੇ। ਹਾਲੇ ਵੀ ਹਿਮਾਚਲ ‘ਚ ਪੰਜਾਬ ਦੇ ਮੁਕਾਬਲੇ ਪੈਟਰੋਲ ਸਸਤਾ ਹੈ।
