ਨਕੋਦਰ: ਇਥੋਂ ਤਕਰੀਬਨ 10 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਪਿੰਡ ਚੱਕ ਵੇਂਡਲ ਵਿਚ ਅੱਜ ਤੜਕਸਾਰ ਪਿੰਡੋਂ ਬਾਹਰ ਮੰਗਲ ਸਿੰਘ ਦੇ ਖੂਹ ‘ਤੇ ਉਸਦੇ ਸਾਲੇ ਮਨਦੀਪ ਸਿੰਘ ਉਮਰ ਤਕਰੀਬਨ 28 ਸਾਲ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤਾ ਗਿਆ। ਮਾਮਲੇ ਬਾਰੇ ਜੋ ਜਾਣਕਾਰੀ ਮਿੱਲੀ ਉਸ ਮੁਤਾਬਕ ਕੁਝ ਹਫ਼ਤੇ ਪਹਿਲਾਂ ਵੇਂਡਲ ਦੀ ਰਹਿਣ ਵਾਲੀ ਬਜੁਰਗ ਮਾਤਾ ਜੋਗਿੰਦਰ ਕੌਰ ਜਿਸਦੀ ਉਮਰ 78 ਸਾਲ ਸੀ, ਉਸਨੇ ਆਪਣੇ ਪੁੱਤਰ ਤੋਂ ਦੁਖੀ ਹੋ ਕੇ ਆਤਮ ਹੱਤਿਆ ਕੀਤੀ ਸੀ ਤੇ ਜੋਗਿੰਦਰ ਕੌਰ ਦੀਆਂ ਧੀਆਂ ਦੇ ਬਿਆਨਾ ‘ਤੇ ਜੋਗਿੰਦਰ ਕੌਰ ਦੇ ਪੁੱਤਰ ਮੰਗਲ ਸਿੰਘ, ਉਸਦੀ ਪਤਨੀ ਕਸ਼ਮੀਰ ਕੌਰ, ਸਾਲਾ ਮਨਦੀਪ ਦੇ ਖਿਲਾਫ਼ 306 ਤਹਿਤ ਮਾਮਲਾ ਦਰਜ ਕੀਤਾ ਸੀ। ਜੋਗਿੰਦਰ ਕੌਰ ਦੇ ਆਤਮ ਹੱਤਿਆ ਮਾਮਲੇ ਵਿਚ ਨਾਮਦ ਮਨਦੀਪ ਸਿੰਘ ਵਾਸੀ ਉੱਪਲ ਖਾਲਸਾ ਦਾ ਅੱਜ ਸਵੇਰੇ ਤੜਕਸਾਰ ਵੇਂਡਲ ਵਿਖੇ ਖੇਤਾਂ ‘ਚ ਸਥਿਤ ਖੂਹ ‘ਤੇ ਤੇਜ਼ਧਾਰ ਹਥਿਆਰ ਨਾਲ ਕਤਲ ਕੀਤਾ ਗਿਆ। ਡੀ.ਐੱਸ.ਪੀ.ਲਖਵਿੰਦਰ ਸਿੰਘ ਮੱਲ, ਐੱਸ.ਐੱਚ.ਓ ਸਦਰ ਮਨਜੀਤ ਸਿੰਘ, ਏ.ਐਸ.ਆਈ ਗੁਰਨਾਮ ਸਿੰਘ ਚੌਕੀ ਇੰਨਚਾਰਜ਼ ਸ਼ੰਕਰ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਗੱਲ-ਬਾਤ ਕਰਦਿਆ ਡੀ.ਐੱਸ.ਪੀ.ਲਖਵਿੰਦਰ ਸਿੰਘ ਮੱਲ, ਐੱਸ.ਐੱਚ.ਓ ਮਨਜੀਤ ਸਿੰਘ ਤੇ ਏ.ਐਸ.ਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਮਾਮਲੇ ਵਿਚ ਤਫਤੀਸ਼ ਸ਼ੁਰੂ ਕਰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਵਿਖੇ ਭੇਜ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਮ੍ਰਿਤਕ ਮਨਦੀਪ ਸਿੰਘ ਦੇ ਪਰਵਾਰਿਕ ਮੈਂਬਰਾਂ ਦੇ ਬਿਆਨ ਮੁਤਾਬਕ ਮਾਮਲਾ ਦਰਜ ਕਰਕੇ ਕਾਰਵਾਈ ਕਰੇਗੀ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਜਲਦੀ ਕਾਬੂ ਕੀਤਾ ਜਾਵੇਗਾ।
