ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ
ਜਲੰਧਰ : ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਪਰਗਟ ਸਿੰਘ ਦੇ ਵਿਧਾਨ ਸਭਾ ਹਲਕੇ ਜਲੰਧਰ ਕੈਂਟ ‘ਚ ਸਵਾ ਕਰੋੜ ਰੁਪਏ ਨਾਲ ਬਣਾਈ ਗਈ ਗੜ੍ਹਾ ਰੋਡ ਉਸਾਰੀ ਦੇ 15 ਦਿਨਾਂ ਬਾਅਦ ਹੀ ਪਹਿਲੀ ਬਾਰਿਸ਼ ‘ਚ ਹੀ ਰੁੜ੍ਹ ਗਈ ਹੈ। ਲੁੱਕ ਬਜਰੀ ਦੀ ਇਹ ਸੜਕ ਹੁਣ ਸਿਰਫਞ ਬਜਰੀ ਦਾ ਢੇਰ ਹੀ ਨਜ਼ਰ ਆ ਰਹੀ ਹੈ। ਇਸ ਸੜਕ ਦੀ ਉਸਾਰੀ ਪੰਜਾਬ ਅਰਬਨ ਡਿਵੈੱਲਪਮੈਂਟ ਅਥਾਰਟੀ-ਪੁੱਡਾ ਨੇ ਕਰਵਾਈ ਸੀ। ਮੇਨ ਰੋਡ ਛੋਟੀ ਬਾਰਾਂਦਰੀ ਦੀ ਇਕ ਲੇਨ ਲਈ ਪੁੱਡਾ ਨੇ ਸਵਾ ਕਰੋੜ ਰੁਪਏ ਦਾ ਟੈਂਡਰ ਲਾਇਆ ਸੀ। ਇਸ ਦਾ ਉਦਘਾਟਨ ਕਰੀਬ ਡੇਢ ਮਹੀਨੇ ਪਹਿਲਾਂ ਕੀਤਾ ਗਿਆ ਸੀ ਪਰ ਨਿਰਮਾਣ ਕਰੀਬ 15 ਦਿਨ ਪਹਿਲੇ ਹੋਇਆ ਹੈ। ਸਿਆਸੀ ਦਬਾਅ ‘ਚ ਇਹ ਸੜਕ ਠੰਢੇ ਮੌਸਮ ‘ਚ ਬਣਾਈ ਗਈ, ਜਿਸ ਤਰ੍ਹਾਂ ਨਾਲ ਲੁੱਕ ਤੇ ਬਜਰੀ ਦੀ ਪਕੜ ਨਹੀਂ ਬਣ ਸਕੀ। ਪਿਛਲੇ ਦੋ ਦਿਨਾਂ ‘ਚ ਹੋਈ ਬਾਰਿਸ਼ ਨੇ ਸੜਕ ਦੀ ਕੁਆਲਿਟੀ ਦੀ ਪੋਲ ਖੋਲ੍ਹ ਦਿੱਤੀ ਹੈ। ਇਹ ਸੜਕ ਵਿਧਾਨ ਸਭਾ ਚੋਣਾਂ ‘ਚ ਵੱਡਾ ਮੁੱਦਾ ਬਣ ਸਕਦੀ ਹੈ। ਅਜੇ ਲੋਕਾਂ ਨੂੰ ਵੀ ਇਸ ਸੜਕ ‘ਤੇ ਪਰੇਸ਼ਾਨੀ ਝੱਲਣੀ ਪਵੇਗੀ ਕਿਉਂਕਿ ਸੜਕ ਬਣਾਉਣ ਲਈ ਗਰਮੀਆਂ ਦੇ ਮੌਸਮ ਦਾ ਇੰਤਜ਼ਾਰ ਕਰਨਾ ਪਵੇਗਾ। ਠੰਢ ਕਾਰਨ ਪਲਾਂਟ ਮਿਕਸਿੰਗ ਪਲਾਂਟ ਬੰਦ ਹੋ ਗਏ ਹਨ। ਹੁਣ ਇਹ ਪਲਾਂਟ 15 ਮਾਰਚ ਤੋਂ ਬਾਅਦ ਚੱਲਣਗੇ। ਅਕਾਲੀ ਨੇਤਾ ਜਗਬੀਰ ਬਰਾੜ ਨੇ ਮੌਕੇ ਦਾ ਮੁਆਇਨਾ ਕੀਤਾ ਹੈ। ਉਨ੍ਹਾਂ ਨੇ ਵਿਕਾਸ ਦੇ ਨਾਂ ‘ਤੇ ਕਰੋੜਾਂ ਰੁਪਏ ਬਰਬਾਦ ਕਰਨ ‘ਤੇ ਕਾਂਗਰਸ ਸਰਕਾਰ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜ ਸਾਲ ਕੰਮ ਨਹੀਂ ਕੀਤਾ ਤੇ ਹੁਣ ਚੋਣਾਂ ਤੋਂ ਪਹਿਲਾਂ ਸੜਕਾਂ ਨੂੰ ਕਾਲਾ ਕਰ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਵੀ ਅਫ਼ਸਰ ਜਾਂ ਰਾਜਨੇਤਾ ਜ਼ਿੰਮੇਵਾਰ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਕੌਂਸਲਰ ਨੇ ਠੇਕੇਦਾਰ ਦਾ ਭੁਗਤਾਨ ਰੋਕਣ ਦੀ ਕੀਤੀ ਮੰਗ
ਵਾਰਡ ਨੰਬਰ 21 ਦੀ ਕੌਂਸਲਰ ਮਨਜੀਤ ਕੌਰ ਨੇ ਮੰਗ ਕੀਤੀ ਹੈ ਕਿ ਠੇਕੇਦਾਰ ਦੇ ਭੁਗਤਾਨ ‘ਤੇ ਤੁਰੰਤ ਰੋਕ ਲਾਈ ਜਾਵੇ। ਇਲਾਕੇ ਦੇ ਕਈ ਲੋਕ ਕੌਂਸਲਰ ਮਨਜੀਤ ਕੌਰ ਤੇ ਕੌਂਸਲਰ ਪਤੀ ਮਨਮੋਹਨ ਸਿੰਘ ਨੂੰ ਮਿਲੇ। ਮਨਮੋਹਨ ਸਿੰਘ ਨੇ ਕਿਹਾ ਕਿ ਲੋਕਾਂ ‘ਚ ਨਾਰਾਜ਼ਗੀ ਹੈ ਤੇ ਸੜਕ ਦੀ ਹਾਲਤ ਦੇਖ ਕੇ ਹੈਰਾਨੀ ਹੋ ਰਹੀ ਹੈ ਕਿ ਇੰਨੀ ਮਹਿੰਗੀ ਸੜਕ ਦਾ 15 ਦਿਨ ‘ਚ ਕੀ ਹਾਲ ਹੋ ਗਿਆ। ਪੁੱਡਾ ਦੇ ਐੱਸਡੀਓ ਨੂੰ ਕਿਹਾ ਹੈ ਕਿ ਜਦੋਂ ਤਕ ਸੜਕ ਦੁਬਾਰਾ ਨਹੀਂ ਬਣਾਈ ਜਾਂਦੀ, ਉਦੋਂ ਤਕ ਠੇਕੇਦਾਰ ਨੂੰ ਭੁਗਤਾਨ ਨਾ ਕੀਤਾ ਜਾਵੇ।
