ਪਠਾਨਕੋਟ : ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਹੁਣ ਵੈਕਸੀਨ ਦੀਆਂ ਦੋਵੇਂ ਡੋਜ਼ ਮਿਲਣ ਤੋਂ ਬਾਅਦ ਹੀ ਟਰੇਨ ’ਚ ਸਫਰ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਜੇ ਕੋਈ ਵਿਅਕਤੀ ਟੀਕਾ ਲਗਵਾਉਣ ਤੋਂ ਬਗੈਰ ਯਾਤਰਾ ਕਰ ਰਿਹਾ ਹੋਵੇਗਾ ਤੇ ਜਾਂਚ ਵਿੱਚ ਫੜਿਆ ਜਾਂਦਾ ਹੈ ਤਾਂ ਉਸ ਨੂੰ ਅਗਲੇ ਸਟੇਸ਼ਨ ’ਤੇ ਟਰੇਨ ’ਚ ਲਾਹ ਦਿੱਤਾ ਜਾਵੇਗਾ ਤੇ ਟੈਸਟ ਕਰਵਾਉਣਾ ਹੋਵੇਗਾ। ਇਸ ਦੇ ਲਈ ਫ਼ਿਰੋਜ਼ਪੁਰ ਡਵੀਜ਼ਨ ਨੇ ਸਾਰੇ ਰੇਲਵੇ ਸਟੇਸ਼ਨਾਂ ਨੂੰ ਇਸ ਸਬੰਦੀ ਹੁਕਮ ਜਾਰੀ ਕਰ ਦਿੱਤੇ ਹਨ।
ਜਾਣਕਾਰੀ ਮੁਤਾਬਕ ਉੱਤਰੀ ਰੇਲਵੇ ਵੱਲੋਂ ਪਹਿਲਾਂ ਨਿਯਮ ਲਾਗੂ ਕੀਤਾ ਗਿਆ ਸੀ ਕਿ ਜਿਨ੍ਹਾਂ ਯਾਤਰੀਆਂ ਨੂੰ ਵੈਕਸੀਨ ਲੱਗ ਗਈ ਹੈ, ਉਹ ਸਫਰ ਕਰ ਸਕਣਗੇ। ਇਸ ਤਰ੍ਹਾਂ ਕੁਝ ਯਾਤਰੀ ਟੀਕਾ ਲਗਵਾ ਕੇ ਵੀ ਸਫਰ ਕਰ ਰਹੇ ਸਨ। ਰੇਲਵੇ ਨੇ ਇਸ ਲਈ ਛੋਟ ਦਿੱਤੀ ਸੀ ਤਾਂ ਕਿ ਯਾਤਰੀ ਸਫਰ ਤੋਂ ਵਾਂਝੇ ਨਾ ਰਹਿ ਜਾਣ ਪਰ ਹੁਣ ਦੋਵਾਂ ਟੀਕਿਆਂ ਦਾ ਸਰਟੀਫਿਕੇਟ ਦਿਖਾਉਣਾ ਹੋਵੇਗਾ।
ਸੂਬੇ ’ਚ ਕੋਰੋਨਾ ਦੇ ਮਾਮਲਿਆਂ ’ਚ ਲਗਾਤਾਰ ਵਾਧੇ ਤੋਂਂ ਬਾਅਦ ਰੇਲਵੇ ਵਿਭਾਗ ਨੇ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ ਜੇ ਯਾਤਰੀਆਂ ਦੀ ਟਰੇਨ ’ਚ ਸੀਟ ਰਿਜ਼ਰਵ ਹੈ ਅਤੇ ਟਰੇਨ ਦਾ ਸਫਰ ਪੂਰਾ ਕਰਨਾ ਹੈ ਤਾਂ ਉਨ੍ਹਾਂ ਨੂੰ ਦੋ ਘੰਟੇ ਪਹਿਲਾਂ ਸਟੇਸ਼ਨ ’ਤੇ ਪਹੁੰਚਣਾ ਹੋਵੇਗਾ। ਰੇਲਵੇ ਦੀਆਂਂ ਹਦਾਇਤਾਂ ਮੁਤਾਬਕ ਯਾਤਰੀਆਂ ਨੂੰ ਪਹਿਲਾਂ ਕੋਵਿਡ-19 ਦਾ ਟੈਸਟ ਕਰਵਾਉਣਾ ਹੋਵੇਗਾ। ਇਸ ਦੌਰਾਨ ਯਾਤਰੀਆਂ ਨੂੰ ਮਾਸਕ ਦੇ ਨਾਲ ਸੈਨੀਟਾਈਜ਼ਰ ਰੱਖਣਾ ਵੀ ਚਾਹੀਦਾ ਹੈ ਅਤੇ 2 ਗਜ਼ ਦੀ ਦੂਰੀ ਬਣਾਈ ਰੱਖਣੀ ਜ਼ਰੂਰੀ ਹੋਵੇਗੀ।
ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਵਿਡ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਰੇਲਵੇ ਸਾਈਡ ਤੋਂ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਨੂੰ ਲਾਗੂ ਕਰਨਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਸਟੇਸ਼ਨ ਦੇ ਪ੍ਰਵੇਸ਼ ਦੁਆਰ ’ਤੇ ਇਸ ਦੀ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਟਰੇਨਾਂ ’ਚ ਸਵਾਰ ਯਾਤਰੀਆਂ ਦੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦੇ ਸਰਟੀਫਿਕੇਟ ਵੀ ਚੈੱਕ ਕੀਤੇ ਜਾਣਗੇ। ਜੇਕਰ ਕੋਈ ਯਾਤਰੀ ਪਹਿਲੀ ਡੋਜ਼ ਲੈਣ ਤੋਂਂ ਬਾਅਦ ਟਰੇਨ ’ਚ ਪਾਇਆ ਜਾਂਦਾ ਹੈ ਤਾਂ ਉਸ ਨੂੰ ਅਗਲੇ ਸਟੇਸ਼ਨ ’ਤੇ ਉਤਰ ਕੇ ਕੋਰੋਨਾ ਟੈਸਟ ਕਰਵਾਉਣਾ ਹੋਵੇਗਾ।
ਧੁੰਦ ਕਾਰਨ ਲੰਬੀ ਦੂਰੀ ਦੀਆਂ ਟਰੇਨਾਂ ਲੇਟ
ਉੱਤਰੀ ਭਾਰਤ ’ਚ ਪਿਛਲੇ ਕਈ ਦਿਨਾਂ ਤੋਂਂ ਧੁੰਦ ਕਾਰਨ ਲੰਬੀ ਦੂਰੀ ਦੀਆਂ ਟਰੇਨਾਂ ਤੈਅ ਸਮੇਂ ਤੋਂ ਪਿੱਛੇ ਚੱਲ ਰਹੀਆਂਂ ਹਨ। ਕਈ ਟਰੇਨਾਂ ਪਠਾਨਕੋਟ ਕੈਂਟ ਸਟੇਸ਼ਨ ’ਤੇ 30 ਮਿੰਟ ਤੋਂਂ ਦੋ ਘੰਟੇ ਦੇਰੀ ਨਾਲ ਪਹੁੰਚੀਆਂ ਜਿਸ ਕਾਰਨ ਯਾਤਰੀਆਂ ਨੂੰ ਕੜਾਕੇ ਦੀ ਠੰਢ ਵਿੱਚ ਰੇਲ ਗੱਡੀਆਂ ਦਾ ਇੰਤਜ਼ਾਰ ਕਰਨਾ ਪਿਆ। ਜਾਣਕਾਰੀ ਅਨੁਸਾਰ ਕਈ ਟਰੇਨਾਂ ਪਠਾਨਕੋਟ ਕੈਂਟ ਸਟੇਸ਼ਨ ’ਤੇ ਦੇਰੀ ਨਾਲ ਪੁੱਜੀਆਂ ਜਿਨ੍ਹਾਂ ’ਚ ਜੰਮੂ ਮੇਲ ਟਰੇਨ ਆਪਣੇ ਨਿਰਧਾਰਤ ਸਮੇਂ ਤੋਂ ਕਰੀਬ ਤੀਹ ਮਿੰਟ ਲੇਟ, ਊਧਮਪੁਰ-ਜੰਮੂ ਤਵੀ ਐਕਸਪ੍ਰੈੱਸ 25 ਮਿੰਟ ਲੇਟ, ਸੁਪਰਫਾਸਟ ਕਰੀਬ ਦੋ ਘੰਟੇ ਦੇਰੀ ਨਾਲ ਪੁੱਜੀਆ। ਰੇਲਵੇ ਅਧਿਕਾਰੀਆਂਂ ਦਾ ਕਹਿਣਾ ਹੈ ਕਿ ਉੱਤਰੀ ਭਾਰਤ ਵਿੱਚ ਪੈ ਰਹੀ ਧੁੰਦ ਕਾਰਨ ਲੰਬੀ ਦੂਰੀ ਦੀਆਂਂ ਟਰੇਨਾਂ ਪਠਾਨਕੋਟ ਕੈਂਟ ਸਟੇਸ਼ਨ ’ਤੇ ਦੇਰੀ ਨਾਲ ਪਹੁੰਚ ਰਹੀਆਂ ਹਨ। ਦੇਰੀ ਨਾਲ ਚੱਲਣ ਵਾਲੀਆਂਂ ਟਰੇਨਾਂ ਦਾ ਐਲਾਨ ਕਰਨ ਲਈ ਡਿਸਪਲੇ ਬੋਰਡਾਂ ਰਾਹੀਂ ਯਾਤਰੀਆਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ।
