ਫਗਵਾੜਾ -ਕੱਲ੍ਹ ਸ਼ਾਮ ਇੱਥੋਂ ਦੇ ਰੇਲਵੇ ਰੋਡ ‘ਤੇ ਇੰਜਣ ਪਾਰਟਸ ਦੇ ਦੁਕਾਨਦਾਰ ਦੇ ਦਿਨ-ਦਿਹਾੜੇ ਹੋਏ ਕਤਲ ਦੇ ਕੇਸ ਨੂੰ ਫਗਵਾੜਾ ਪੁਲਿਸ ਨੇ ਹੱਲ ਕਰਦਿਆਂ ਕਾਤਲ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਕਤਲ ਕਰਨ ਲਈ ਵਰਤਿਆ ਇਕ ਤੇਜ਼ਧਾਰ ਚਾਕੂ ਬਰਾਮਦ ਕਰ ਲਿਆ ਹੈ। ਜ਼ਿਲ੍ਹੇ ਦੇ ਨਵੇਂ ਆਏ ਐੱਸ.ਐੱਸ.ਪੀ. ਰਾਜਬਚਨ ਸਿੰਘ ਸੰਧੂ ਨੇ ਅੱਜ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਐੱਸ.ਪੀ. (ਡੀ) ਜਗਜੀਤ ਸਿੰਘ ਸਰੋਆ, ਐੱਸ.ਪੀ. ਹਰਿੰਦਰਪਾਲ ਸਿੰਘ ਪਰਮਾਰ, ਡੀ.ਐੱਸ.ਪੀ. (ਡੀ) ਅੰਮ੍ਰਿਤ ਸਰੂਪ ਡੋਗਰਾ, ਸੀ.ਆਈ.ਏ ਸਟਾਫ਼ ਇੰਚਾਰਜ ਸਿਕੰਦਰ ਸਿੰਘ, ਐੱਸ.ਐੱਚ.ਓ. ਸਿਟੀ ਅਮਨਦੀਪ ਨਾਹਰ, ਪੀ.ਸੀ.ਆਰ. ਇੰਚਾਰਜ ਸੁਖਵਿੰਦਰ ਸਿੰਘ ਦੀ ਅਗਵਾਈ ‘ਚ ਟੀਮ ਨੇ ਕੀਤੀ ਜਾਂਚ ਦੌਰਾਨ ਉਕਤ ਕਾਤਲ ਨੂੰ ਭੁੱਲਾਰਾਈ ਚੌਂਕ ‘ਚੋਂ ਗ੍ਰਿਫ਼ਤਾਰ ਕੀਤਾ ਹੈ। ਕਾਤਲ ਦੀ ਪਛਾਣ ਸਤੀਸ਼ ਕੁਮਾਰ ਪੁੱਤਰ ਜੈਲਾ ਲਾਲ ਵਾਸੀ ਲੰਬੀ ਗਲੀ ਪਲਾਹੀ ਗੇਟ ਵਜੋਂ ਹੋਈ ਹੈ।
