ਸਮਰਾਲਾ। ਥਾਣਾ ਸਮਰਾਲਾ ਅਧੀਨ ਆਉਦੀ ਹੇਡੋਂ ਚੌਂਕੀ ਦੀ ਪੁਲਿਸ ਨੇ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇਕੇ ਇਕ ਔਰਤ ਨਾਲ 3.35 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ 2 ਜਾਲਸਾਜਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਸ਼ਿਕਾਇਤਕਰਤਾ ਪਰਮਜੀਤ ਕੌਰ ਪਤਨੀ ਮੇਹਰ ਸਿੰਘ ਵਾਸੀ ਪਿੰਡ ਹੇਡੋਂ ਨੇ ਦੱਸਿਆ ਕਿ ਕਰੀਬ 2 ਸਾਲ ਪਹਿਲਾਂ ਉਨ੍ਹਾਂ ਦੀ ਗੱਲਬਾਤ ਪਿੰਡ ਹੇਡੋਂ ਦੇ ਹੀ ਰਹਿਣ ਵਾਲੇ ਰੁਲਦਾ ਸਿੰਘ ਪੁੱਤਰ ਜਗਦੇਵ ਸਿੰਘ ਨਾਲ ਹੋਈ ਸੀ।
ਜਿਸਨੇ ਆਪਣੇ ਇਕ ਹੋਰ ਸਾਥੀ ਕਮਲਦੇਵ ਸ਼ਰਮਾ ਪੁੱਤਰ ਬਨਦਾਸ ਸ਼ਰਮਾ ਲੁਧਿਆਣਾ ਨਾਲ ਮਿਲਵਾਇਆ ਤੇ ਉਨ੍ਹਾਂ ਦੇ ਬੇਟੇ ਨੂੰ ਬੈਂਕ ‘ਚ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇਕੇ ਕਰੀਬ 3 ਲੱਖ 35 ਹਜਾਰ ਰੁਪਏ ਵੱਖ-ਵੱਖ ਤਰੀਕਾਂ ਨੂੰ ਹਾਸਲ ਕੀਤੇ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਹ ਦੋਵੇਂ ਜਣੇ ਉਨ੍ਹਾਂ ਨੂੰ ਫੋਨ ਬਾਰ -ਬਾਰ ਫੋਨ ਕਰਕੇ ਹੋਰ ਪੈਸਿਆਂ ਦੀ ਮੰਗ ਕਰਦੇ ਰਹੇ ਤੇ ਉਨ੍ਹਾਂ ਦੇ ਬੇਟੇ ਨੂੰ ਕੋਈ ਵੀ ਸਰਕਾਰੀ ਨੌਕਰੀ ਨਹੀਂ ਦਿਵਾ ਸਕੇ। ਜਦੋਂ ਉਨ੍ਹਾਂ ਕੋਲੋਂ ਦਿੱਤੇ ਹੋਏ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਤਾਂ ਉਹ ਟਾਲਮਟੋਲ ਕਰਨ ਲੱਗ ਪਏ ਜਿਸ ਕਰਕੇ ਇਨ੍ਹਾਂ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ। ਹੇਡੋਂ ਚੌਂਕੀ ਦੇ ਇੰਚਾਰਜ ਪਵਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋਹਾਂ ਦੇ ਖਿਲਾਫ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਪੁਲਿਸ ਵੱਲੋਂ ਛਾਪੇਮਾਰੀ ਕਰਕੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
