ਲੁਧਿਆਣਾ। ਚੰਡੀਗੜ੍ਹ ਰੋਡ ਤੇ ਪੈਂਦੇ ਬੇਅੰਤਪੁਰਾ ਇਲਾਕੇ ਵਿਚ ਹੌਜ਼ਰੀ ਕਾਰੋਬਾਰੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ । ਮੁਲਜ਼ਮ ਨੇ ਹੌਜ਼ਰੀ ਕਾਰੋਬਾਰੀ ਅਖਿਲੇਸ਼ ਕੁਮਾਰ (42) ਨੂੰ ਬਾਹਵਾਂ ਵਿੱਚ ਘੁੱਟ ਕੇ ਉਸ ਦਾ ਸਿਰ ਜ਼ਮੀਨ ਨਾਲ ਐਨੀ ਜ਼ੋਰ ਨਾਲ ਮਾਰਿਆ ਕਿ ਉਹ ਬੇਸੁੱਧ ਹੋ ਕੇ ਡਿੱਗ ਪਿਆ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਨੀਰਜ ਸੈਣੀ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਮਾਮਲੇ ਵਿਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਅਖਿਲੇਸ਼ ਦੇ ਦੋਸਤ 32 ਸੈਕਟਰ ਦੇ ਰਹਿਣ ਵਾਲੇ ਸ਼ੋਭਿਤ ਓਬਰਾਏ ਦੇ ਬਿਆਨ ਉਪਰ ਬੇਅੰਤਪੁਰਾ ਚੰਡੀਗਡ਼੍ਹ ਰੋਡ ਦੇ ਰਹਿਣ ਵਾਲੇ ਨੀਰਜ ਸੈਣੀ ਦੇ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਅਖਿਲੇਸ਼ ਪਿਛਲੇ ਕਈ ਸਾਲਾਂ ਤੋਂ ਹੌਜ਼ਰੀ ਦਾ ਕਾਰੋਬਾਰ ਕਰ ਰਿਹਾ ਸੀ। ਮੁੰਡੀਆਂ ਕਲਾਂ ਦਾ ਰਹਿਣ ਵਾਲਾ ਅਖਿਲੇਸ਼ ਪਿਛਲੇ ਚਾਰ ਸਾਲ ਤੋਂ ਬੇਅੰਤਪੁਰਾ ਇਲਾਕੇ ਵਿਚ ਕਿਰਾਏ ਦਾ ਹਾਲ ਲੈ ਕੇ ਹੌਜ਼ਰੀ ਦਾ ਮਾਲ ਤਿਆਰ ਕਰਵਾਉਦਾ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅਖਿਲੇਸ਼ ਦਾ ਨੀਰਜ ਸੈਣੀ ਨਾਲ ਪੈਸਿਆਂ ਦਾ ਲੈਣ ਦੇਣ ਸੀ। ਅਖਿਲੇਸ਼ ਮਕਾਨ ਮਾਲਕ ਨੂੰ ਬਕਾਇਆ ਰਕਮ ਦੇ ਕੇ ਉਸ ਦਾ ਹਾਲ ਖਾਲੀ ਕਰ ਰਿਹਾ ਸੀ। ਇਸੇ ਦੌਰਾਨ ਮਕਾਨ ਮਾਲਕ ਪੂਜਾ ਨੇ ਫੋਨ ਕਰ ਕੇ ਨੀਰਜ ਸੈਣੀ ਨੂੰ ਬੁਲਾ ਲਿਆ। ਮੌਕੇ ਤੇ ਪਹੁੰਚਦੇ ਹੀ ਨੀਰਜ ਸੈਣੀ ਨੇ ਅਖਿਲੇਸ਼ ਕੋਲੋਂ ਪੈਸਿਆਂ ਦੀ ਮੰਗ ਕੀਤੀ ਅਤੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਅਖਿਲੇਸ਼ ਨੂੰ ਆਪਣੀਆਂ ਬਾਹਵਾਂ ਵਿੱਚ ਦਬਾ ਕੇ ਉਸ ਦਾ ਸਿਰ ਜ਼ਮੀਨ ਨਾਲ ਮਾਰਿਆ। ਟੱਕਰ ਐਨੀ ਜ਼ਬਰਦਸਤ ਸੀ ਕਿ ਅਖਿਲੇਸ਼ ਦੇ ਸਿਰ ਚ ਡੂੰਘੀਆਂ ਸੱਟਾਂ ਲੱਗਣ ਕਾਰਨ ਉਹ ਬੇਹੋਸ਼ ਹੋ ਗਿਆ।
ਗੰਭੀਰ ਹਾਲਤ ਵਿਚ ਅਖਿਲੇਸ਼ ਨੂੰ ਸੀਐਮਸੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਮਾਮਲੇ ਵਿਚ ਥਾਣਾ ਮੋਤੀ ਨਗਰ ਦੇ ਏਐਸਆਈ ਸੁਲੱਖਣ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਸ਼ੋਭਿਤ ਓਬਰਾਏ ਦੇ ਬਿਆਨ ਉੱਪਰ ਨੀਰਜ ਸੈਣੀ ਦੇ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਅਖਿਲੇਸ਼ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਅਤੇ ਦੋ ਮਾਸੂਮ ਬੱਚਿਆਂ ਦਾ ਬੁਰਾ ਹਾਲ ਹੈ। ਜਾਂਚ ਅਧਿਕਾਰੀ ਸੁਲੱਖਣ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਮੁਲਜ਼ਮ ਦੀ ਤਲਾਸ਼ ਕਰਨ ਵਿਚ ਜੁੱਟ ਗਈ ਹੈ। ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।