BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ
ਬਠਿੰਡਾ : ਨਸ਼ਾ ਲੋਕਾਂ ਲਈ ਨਾਸੂਰ ਬਣ ਗਿਆ ਹੈ। ਬਠਿੰਡਾ ਵਿਚ ਨਸ਼ੇ ਦਾ ਖੇਲ ਖੁੱਲ੍ਹੇਆਮ ਚੱਲ ਰਿਹਾ ਹੈ। ਬਠਿੰਡਾ ਦੇ ਮਾਡਲ ਟਾਊਨ ਵਰਗੇ ਪਾਸ਼ ਖੇਤਰ ਵਿਚ ਨੌਜਵਾਨਾਂ ਵੱਲੋਂ ਟੀਕੇ ਲਗਾਉਣ ਦੀ ਵੀਡੀਓ ਵਾਇਰਲ ਹੋਈ ਹੈ, ਉੱਥੇ ਹੀ ਪਿੰਡ ਜੀਦਾ ਵਿਚ ਨਸ਼ੇਡ਼ੀਆਂ ਵੱਲੋਂ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕਰਨ ਵਾਲੀ ਭੱਠੀ ਦਾ ਸਰੀਆ ਹੀ ਚੋਰੀ ਕਰ ਲਿਆ ਗਿਆ ਹੈ। ਨਸ਼ੇਡ਼ੀਆਂ ਵੱਲੋਂ ਸ਼ਮਸ਼ਾਨਘਾਟ ਨੂੰ ਵੀ ਨਾ ਬਖ਼ਸ਼ੇ ਜਾਣ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਠਿੰਡਾ ਦੇ ਲੋਕ ਕਿਸ ਹਾਲਤ ਵਿਚ ਹਨ। ਦੂਜੇ ਪਾਸੇ ਪੁਲਿਸ ਤੋਂ ਆਸ ਛੱਡਦਿਆਂ ਹਰਿਆਣਾ ਤੋਂ ਹੋ ਰਹੀ ਨਸ਼ਾ ਤਸਕਰੀ ਨੂੰ ਰੋਕਣ ਲਈ ਪਿੰਡ ਗਿਆਨਾ ਦੇ ਲੋਕਾਂ ਨੇ ਹਰਿਆਣੇ ਦਾ ਰਸਤਾ ਬੰਦ ਕਰ ਦਿੱਤਾ ਹੈ। ਇਸ ਰਸਤੇ ਰਾਹੀਂ ਨਸ਼ਾ ਤਸਕਰ ਪੰਜਾਬ ਅੰਦਰ ਦਾਖ਼ਲ ਹੋ ਕੇ ਨਸ਼ਾ ਸਪਲਾਈ ਕਰਦੇ ਹਨ।
ਜ਼ਿਕਰਯੋਗ ਹੈ ਕਿ ਨਸ਼ਾ ਤਸਕਰਾਂ ਨੇ ਰਾਮਪੁਰਾ ਫੂਲ ਨੇਡ਼ੇ ਵੱਡੇ ਟਾਵਰ ਦੀਆਂ ਲੋਹੇ ਨਾਲ ਬਣੀਆਂ ਸਪੋਰਟਾਂ ਵੱਢ ਕੇ ਵੇਚ ਦਿੱਤੀਆਂ ਸਨ ਜਿਸ ਕਾਰਨ ਬਿਜਲੀ ਦਾ ਪੂਰਾ ਟਾਵਰ ਡਿੱਗ ਗਿਆ ਸੀ। ਇਨ੍ਹਾਂ ਘਟਨਾਵਾਂ ਤੋਂ ਸਹਿਜੇ ਹੀ ਅੰਦਾਜ਼ਾ ਲੱਗਦਾ ਹੈ ਕਿ ਬਠਿੰਡਾ ਵਿਚ ਨਸ਼ੇ ਕਾਰਨ ਕਿਹਡ਼ੇ ਹਾਲਾਤ ਹਨ।
ਹਾਲਤ ਇਸ ਕਦਰ ਪੁੱਜ ਗਏ ਹਨ ਕਿ ਨੌਜਵਾਨ ਬਾਹਾਂ ਅਤੇ ਲੱਤਾਂ ’ਤੇ ਟੀਕੇ ਲਗਾਉਣ ਤੋਂ ਬਾਅਦ ਹੁਣ ਗੁਪਤ ਅੰਗ ’ਤੇ ਟੀਕੇ ਲਗਾਉਣ ਲੱਗੇ ਹਨ। ਬਠਿੰਡਾ ਦੇ ਮਾਡਲ ਟਾਊਨ ਖੇਤਰ ਵਿਚ ਇਕ ਨੌਜਵਾਨ ਵੱਲੋਂ ਗੁਪਤ ਅੰਗ ’ਤੇ ਟੀਕਾ ਲਗਾਉਣ ਦੀ ਵੀਡੀਓ ਵਾਇਰਲ ਹੋਈ ਹੈ। ਨਸ਼ੇਡ਼ੀਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਮਾਡਲ ਟਾਊਨ ਫੇਸ ਦੋ ਦੀ ਮਾਰਕੀਟ ਵਿਚ ਸ਼ਰ੍ਹੇਆਮ ਬੈਠ ਕੇ ਹਰ ਰੋਜ਼ ਟੀਕੇ ਲਗਾਏ ਜਾਂਦੇ ਹਨ। ਨਸ਼ਿਆਂ ਦੇ ਮਾਮਲੇ ਵਿਚ ਬਠਿੰਡਾ ਪੁਲਿਸ ਕੋਈ ਠੋਸ ਕਦਮ ਨਹੀਂ ਉਠਾ ਰਹੀ। ਜਦੋਂ ਕਿਸੇ ਖੇਤਰ ਵਿਚ ਨਸ਼ੇਡ਼ੀਆਂ ਵੱਲੋਂ ਟੀਕੇ ਲਗਾਉਣ ਦੀ ਜਾਂ ਵੇਚਣ ਦੀ ਵੀਡੀਓ ਵਾਇਰਲ ਹੁੰਦੀ ਹੈ ਤਾਂ ਕੁਝ ਦਿਨ ਪੁਲਿਸ ਉਥੇ ਗਸ਼ਤ ਜ਼ਰੂਰ ਕਰਦੀ ਹੈ ਪਰ ਬਾਅਦ ਵਿਚ ਫਿਰ ਉਹੀ ਹਾਲ ਹੋ ਜਾਂਦਾ ਹੈ। ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਬਾਹਾਂ ’ਤੇ ਟੀਕੇ ਲਗਾਉਣ ਤੋਂ ਬਾਅਦ ਨਸ਼ੇਡ਼ੀਆਂ ਨੂੰ ਮੁਡ਼ ਨਾਡ਼ਾਂ ਨਹੀਂ ਮਿਲਦੀਆਂ ਜਿਸ ਕਾਰਨ ਉਹ ਨਵੀਂ ਜਗ੍ਹਾ ਲੱਭ ਕੇ ਟੀਕੇ ਲਗਾਉਂਦੇ ਹਨ।
ਸਸਕਾਰ ਵਾਲੀ ਭੱਠੀ ਦਾ ਸਰੀਆ ਚੋਰੀ ਕੀਤਾ
ਨਸ਼ੇਡ਼ੀਆਂ ਵੱਲੋਂ ਟਰਾਂਸਫਾਰਮਰਾਂ ਦਾ ਤੇਲ, ਬਿਜਲੀ ਦੀਆਂ ਕੇਬਲਾਂ ਤੇ ਹੋਰ ਚੋਰੀਆਂ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਸਨ ਪਰ ਹੁਣ ਨਸ਼ੇਡ਼ੀਆਂ ਨੇ ਉਸ ਸਮੇਂ ਹੱਦ ਹੀ ਕਰ ਦਿੱਤੀ ਜਦੋਂ ਪਿੰਡ ਜੀਦਾ ਵਿਚ ਸਸਕਾਰ ਕਰਨ ਵਾਲੀ ਭੱਠੀ ਦਾ ਸਰੀਆ ਹੀ ਚੋਰੀ ਕਰ ਲਿਆ। ਪਿੰਡ ਜੀਦਾ ਦੇ ਲੋਕਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਚੋਰੀ ਦਾ ਪਤਾ ਲੱਗਾ ਤਾਂ ਕਬਾਡ਼ੀਆਂ ਨਾਲ ਸੰਪਰਕ ਕੀਤਾ ਗਿਆ। ਕਬਾਡ਼ੀਆਂ ਨੇ ਮੰਨਿਆ ਕਿ ਉਨ੍ਹਾਂ ਕੋਲ ਨਸ਼ੇਡ਼ੀ ਸਰੀਆ ਵੇਚ ਕੇ ਗਏ ਹਨ। ਪਿੰਡ ਦੇ ਪੰਚਾਇਤ ਮੈਂਬਰ ਕੁਲਵੰਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਖੇਤਰ ਵਿਚ ਨਸ਼ੇ ਦੀ ਵਿਕਰੀ ਜ਼ੋਰਾਂ ’ਤੇ ਚੱਲ ਰਹੀ ਹੈ। ਉਨ੍ਹਾਂ ਪੁਲਿਸ ਨਾਲ ਕਈ ਵਾਰ ਸੰਪਰਕ ਕੀਤਾ ਹੈ, ਨਸ਼ੇ ਰੋਕਣ ਲਈ ਥਾਣੇ ਅੱਗੇ ਧਰਨਾ ਵੀ ਦਿੱਤਾ ਗਿਆ ਪਰ ਕੋਈ ਕਾਰਵਾਈ ਨਹੀਂ ਹੋਈ।
ਹਰਿਆਣਾ ਤੋਂ ਆਉਣ ਵਾਲਾ ਰਾਸਤਾ ਕੀਤਾ ਬੰਦ
ਹਰਿਆਣਾ ਦੇ ਬਾਰਡਰ ’ਤੇ ਪੈਂਦੇ ਪਿੰਡ ਗਿਆਨਾ ਦੇ ਲੋਕਾਂ ਨੇ ਨਸ਼ੇ ਦੀ ਸਪਲਾਈ ਨੂੰ ਰੋਕਣ ਲਈ ਹਰਿਆਣਾ ਤੋਂ ਆਉਣ ਵਾਲੇ ਕੱਚੇ ਰਸਤੇ ਨੂੰ ਬੰਦ ਕਰ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਰਸਤਾ ਨਸ਼ੇਡ਼ੀਆਂ ਅਤੇ ਤਸਕਰਾਂ ਲਈ ਸੁਰੱਖਿਅਤ ਰਸਤਾ ਮੰਨਿਆ ਜਾਂਦਾ ਹੈ। ਇਸ ਰਸਤੇ ਹੀ ਤਸਕਰ ਪਿੰਡਾਂ ਅੰਦਰ ਨਸ਼ਾ ਸਪਲਾਈ ਕਰਦੇ ਹਨ। ਹੁਣ ਪਿੰਡ ਵਾਸੀਆਂ ਨੇ ਦਰੱਖਤ ਵੱਢ ਕੇ ਰਸਤੇ ਵਿਚ ਸੁੱਟ ਦਿੱਤੇ ਹਨ ਤਾਂ ਜੋ ਕੋਈ ਮੋਟਰਸਾਈਕਲ ਜਾਂ ਗੱਡੀ ਇੱਥੋਂ ਦੀ ਨਾ ਲੰਘ ਸਕੇ। ਅਮਰੀਕ ਸਿੰਘ ਢਿੱਲੋਂ ਨੇ ਦੱਸਿਆ ਕਿ ਤਸਕਰ ਹਰਿਆਣਾ ਤੋਂ ਨਸ਼ਾ ਲਿਆਉਣ ਲਈ ਇਸ ਰਸਤੇ ਦੀ ਵਰਤੋਂ ਕਰਦੇ ਹਨ ਜਿਸ ਕਾਰਨ ਪਿੰਡ ਵਾਸੀਆਂ ਨੇ ਅੱਕ ਕੇ ਰਸਤਾ ਬੰਦ ਕਰ ਦਿੱਤਾ ਹੈ।
ਨਸ਼ੇਡ਼ੀਆਂ ’ਤੇ ਕਰਾਂਗੇ ਸਖ਼ਤੀ : ਐੱਸਐੱਸਪੀ
ਐੱਸਐੱਸਪੀ ਬਠਿੰਡਾ ਜੇ ਇਲਨਚੇਜੀਅਨ ਨੇ ਕਿਹਾ ਕਿ ਨਸ਼ੇਡ਼ੀਆਂ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ। ਮਾਡਲ ਟਾਊਨ ਫੇਜ਼ ਦੋ ਵਿਚ ਨਸ਼ੇਡ਼ੀਆਂ ਵੱਲੋਂ ਟੀਕਾ ਲਗਾਉਣ ਦਾ ਅੱਡਾ ਬਣਾਏ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਉਥੇ ਪੁਲਿਸ ਨੂੰ ਭੇਜਿਆ ਗਿਆ ਹੈ ਪਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਨਸ਼ੇਡ਼ੀ ਨਿਕਲ ਗਏ।
