ਕਪੂਰਥਲਾ : ਥਾਣਾ ਸਿਟੀ ਕਪੂਰਥਲਾ ਦੀ ਪੁਲਿਸ ਨੇ 24 ਘੰਟੇ ਪਹਿਲਾਂ ਸ਼ੇਖੂਪੁਰ ਵਿਖੇ ਇਕ ਘਰ ਅੰਦਰ ਦਾਖਲ ਹੋ ਕੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਿਆਂ ਵਿਚੋਂ 3 ਨੌਜਵਾਨਾਂ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਦੇ ਪਾਸੋਂ ਲੁੱਟ ਕੀਤੀ ਗਈ ਰਿਵਾਲਵਰ, ਕੁਝ ਪੈਸੇ ਅਤੇ ਕੁਝ ਸੋਨਾ ਬਰਾਮਦ ਕਰ ਲਿਆ।
ਜਾਣਕਾਰੀ ਦਿੰਦਿਆਂ ਡੀਐੱਸਪੀ ਸਬ ਡਵੀਜ਼ਨ ਸੁਰਿੰਦਰ ਸਿੰਘ ਨੇ ਦੱਸਿਆ ਕਿ ਏਐੱਸਆਈ ਜਸਬੀਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਥਾਣਾ ਵਿਚ ਹਾਜ਼ਰ ਸੀ ਕਿ 4 ਜੂਨ ਨੂੰ ਅਸ਼ੋਕ ਕੁਮਾਰ ਪੁੱਤਰ ਬਲਦੇਵ ਰਾਜ ਵਾਸੀ ਆਨੰਦਾ ਮੁਹੱਲਾ ਸ਼ੇਖਪੁਰਾ ਥਾਣਾ ਸਿਟੀ ਕਪੂਰਥਲਾ ਆ ਕਿ ਇਤਲਾਹ ਦਿੱਤੀ ਕਿ ਉਹ ਮਾਤਾ ਭੱਦਰਕਾਲੀ ਮਾਰਕੀਟ ਸ਼ੇਖੂਪੁਰ ਵਿੱਚ ਮਨੀ ਐਕਸਚੇਂਜਰ ਦੀ ਦੁਕਾਨ ਸੁਭਮ ਇੰਟਰਪ੍ਰਾਈਜੇਟ ਦੀ ਦੁਕਾਨ ਕਰਦਾ ਹੈ। 3 ਜੂਨ ਨੂੰ ਉਹ ਆਪਣੀ ਦੁਕਾਨ ਰਾਤ 8 ਵਜੇ ਬੰਦ ਕਰ ਕੇ ਆਪਣੇ ਘਰ ਚਲਾ ਗਿਆ ਅਤੇ ਉਹ ਅਤੇ ਉਸ ਦੀ ਪਤਨੀ ਰੋਟੀ ਖਾ ਕੇ ਰਾਤ ਬਾਹਰਲਾ ਮੇਨ ਲੋਹੇ ਦੇ ਗੇਟ ਨੂੰ ਕੁੰਡਾ ਲਗਾ ਕੇ ਆਪਣੇ ਕਮਰੇ ਵਿੱਚ ਸੌ ਗਏ ਅਤੇ ਕਰੀਬ 2 ਵਜੇ ਰਾਤ ਉਸ ਦੇ ਕਮਰੇ ਵਿੱਚ 4 ਮੋਨੇ ਨੌਜਵਾਨ ਜਿਨ੍ਹਾਂ ਨੇ ਕਾਲੇ ਕੱਪੜੇ ਨਾਲ ਆਪਣੇ ਮੂੰਹ ਬੰਨੇ ਹੋਏ ਸਨ ਉਸ ਦੇ ਕਮਰੇ ਅੰਦਰ ਦਾਖਲ ਹੋਏ ਜਿਹਨਾ ਵਿਚੋਂ ਇੱਕ ਨੌਜਵਾਨ ਪਾਸ ਇੱਕ ਪਿਸਤੌਲ ਵਰਗੀ ਚੀਜ ਅਤੇ ਇੱਕ ਪਾਸ ਲੋਹੇ ਦਾ ਦਾਤਰ ਸੀ ਉਸ ਨੂੰ ਤੇ ਉਸ ਦੀ ਪਤਨੀ ਨੂੰ ਸੁੱਤੇ ਹੋਇਆਂ ਨੂੰ ਨੱਪ ਲਿਆ ਅਤੇ ਉਸ ਨੂੰ ਤੇ ਉਸ ਦੀ ਪਤਨੀ ਨੂੰ ਪਲਾਸਟਿਕ ਦੀ ਟੇਪ ਨਾਲ ਬੰਨ ਦਿੱਤਾ ਅਤੇ ਉਨ੍ਹਾਂ ਨੂੰ ਡਰਾ ਧਮਕਾ ਕੇ ਉਨ੍ਹਾਂ ਪਾਸੋਂ ਅਲਮਾਰੀ ਦੀ ਚਾਬੀ ਲੈ ਲਈ ਜੋ ਅਲਮਾਰੀ ਵਿਚੋਂ 15 ਤੋਲੇ ਸੋਨਾ, ਕਰੀਬ 90 ਹਜ਼ਾਰ ਰੁਪਏ ਅਤੇ ਉਸ ਦੇ ਸਿਰਹਾਣੇ ਥੱਲੇ ਪਿਆ ਹੋਇਆ ਉਸ ਦਾ ਲਾਇਸੰਸੀ ਰਿਵਾਲਵਰ 32 ਬੋਰ ਸਮੇਤ 20 ਰੋਦ ਜਿੰਦਾ ਖੋਹ ਕਰਕੇ ਲੈ ਗਏ, ਜਿਸ ਦੇ ਬਿਆਨ ਤੇ ਮੁੱਕਦਮਾ ਨੰਬਰ 124 ਮਿਤੀ 04-06-2022 ਅਧ 397, 458,347 ਭ:ਦ ਥਾਣਾ ਸਿਟੀ ਕਪੂਰਥਲਾ ਵਿਖੇ ਦਰਜ ਰਜਿਸਟਰ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ, ਜਿਸ ਤੇ ਤਰੁੰਤ ਕਾਰਵਾਈ ਕਰਦੇ ਹੋਏ 24 ਘੰਟੇ ਦੇ ਅੰਦਰ ਦੋਸ਼ੀਆਨ ਆਗਿਆਪਾਲ ਸਿੰਘ ਉਰਫ ਲਾਡੀ ਪੁੱਤਰ ਲਖਵੀਰ ਸਿੰਘ ਵਾਸੀ ਸ਼ਿਵ ਕਲੋਨੀ ਕਪੂਰਥਲਾ, ਲਖਵਿੰਦਰ ਸਿੰਘ ਉਰਫ ਲੱਖਾ ਉਰਫ ਲੱਕੀ ਪੁੱਤਰ ਰਜਿੰਦਰ ਸਿੰਘ ਵਾਸੀ ਢਪੱਈ ਥਾਣਾ ਸਦਰ ਕਪੂਰਥਲਾ, ਲਖਵਿੰਦਰ ਸਿੰਘ ਉਰਫ ਦੀਪਾ ਪੁੱਤਰ ਬਲਵਿੰਦਰ ਸਿੰਘ ਵਾਸੀ ਸ਼ਿਵ ਕਲੋਨੀ ਮਹਿਤਾਬਗੜ ਕਪੂਰਥਲਾ ਨੂੰ ਮੁਖਬਰ ਖਾਸ ਦੀ ਇਤਲਾਹ ਤੇ ਏ.ਐਸ.ਆਈ ਜਸਬੀਰ ਸਿੰਘ ਨੇ ਖਰਬੂਜਾ ਮੰਡੀ ਤੋਂ ਗ੍ਰਿਫਤਾਰ ਕੀਤਾ। ਦੌਰਾਨੇ ਪੁੱਛਗਿੱਛ ਆਗਿਆਪਾਲ ਸਿੰਘ ਉਰਫ ਲਾਡਾ ਪਾਸੋਂ ਖੋਹ ਕੀਤਾ ਹੋਇਆ ਰਿਵਾਲਵਰ 32 ਬੋਰ ਸਮੇਤ 20 ਰੋਦ ਜਿੰਦਾ ਅਤੇ 20 ਹਜ਼ਾਰ ਦੀ ਭਾਰਤੀ ਕਰੰਸੀ, ਲਖਵਿੰਦਰ ਸਿੰਘ ਉਰਫ ਲੱਖਾ ਪਾਸੋਂ ਵਾਰਦਾਤ ਵਿੱਚ ਵਰਤਿਆ ਗਿਆ ਏਅਰ ਪਿਸਟਲ, ਇੱਕ ਸੋਨੇ ਦਾ ਕਾਂਟਾ, ਇੱਕ ਸੋਨੇ ਦਾ ਟੋਪਸ, ਇੱਕ ਸੋਨੇ ਦਾ ਕੋਕਾ, ਇੱਕ ਜੋੜਾ ਆਰਟੀਫਿਸਲ ਕਾਂਟੇ ਅਤੇ 20 ਹਜਾਰ ਰੁਪਏ ਭਾਰਤੀ ਕਰੰਸੀ ਅਤੇ ਲਖਵਿੰਦਰ ਸਿੰਘ ਉਰਫ ਦੀਪਾ ਪਾਸੋਂ 15 ਹਜ਼ਾਰ ਰੁਪਏ ਭਾਰਤੀ ਕਰੰਸੀ ਨੋਟ, ਵਾਰਦਾਤ ਵਿੱਚ ਵਰਤਿਆ ਦਾਤਰ ਬ੍ਰਾਮਦ ਹੋਇਆ। ਦੌਰਾਨੇ ਪੁੱਛਗਿੱਛ ਦੋਸ਼ੀਆਨ ਨੇ ਦੱਸਿਆ ਕਿ ਉਨ੍ਹਾਂ 5 ਜਣਿਆਂ ਨੇ ਇਕੱਠੇ ਹੋ ਕੇ ਜਲਦੀ ਅਮੀਰ ਹੋਣ ਦੀ ਲਾਲਸਾ ਤਹਿਤ ਅਸ਼ੋਕ ਕੁਮਾਰ ਦੇ ਘਰ ਖੋਹ ਕਰਨ ਦਾ ਪਲਾਨ ਬਣਾਇਆ ਸੀ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਅਸ਼ੋਕ ਕੁਮਾਰ ਮਾਤਾ ਭੱਦਰਕਾਲੀ ਮੰਦਿਰ ਸ਼ੇਖੂਪੁਰ ਦਾ ਕੈਸ਼ੀਅਰ ਹੈ ਅਤੇ ਜਿਸ ਦੀ ਮਨੀ ਐਕਸਚੇਂਜਰ ਦੀ ਦੁਕਾਨ ਹੈ। ਜੋ ਮਾਤਾ ਭੱਦਰਕਾਲੀ ਦਾ ਮੇਲਾ ਸਮਾਮਤ ਹੋਇਆ ਸੀ ਤੇ ਸਾਨੂੰ ਲੱਗਦਾ ਸੀ ਕਿ ਅਸ਼ੋਕ ਕੁਮਾਰ ਦੇ ਘਰ ਚੜਾਵੇ ਅਤੇ ਮਨੀ ਐਕਸਚੇਂਜ ਦੀ ਕਾਫੀ ਮੋਟੀ ਰਕਮ ਹੋਵੇਗੀ, ਜਿਸ ਤੋਂ ਉਨ੍ਹਾਂ ਨੇ ਸਲਾਹ ਬਣਾ ਕੇ 5 ਜਣੇ ਖੋਹ ਕਰਨ ਵਾਸਤੇ ਅਸ਼ੋਕ ਕੁਮਾਰ ਦੇ ਘਰ ਗਏ ਸੀ ਤੇ ਆਗਿਆਪਾਲ ਪਿੱਛੇ ਨਿਗਰਾਨੀ ਲਈ ਰੁਕ ਗਿਆ ਸੀ ਤੇ ਚਾਰ ਜਣੇ ਖੋਹ ਕਰਨ ਅਸ਼ੋਕ ਕੁਮਾਰ ਦੇ ਘਰ ਚਲੇ ਗਏ ਸੀ। ਇਨ੍ਹਾਂ ਨੇ ਖੋਹ ਤੋਂ ਬਾਅਦ ਪੈਸੇ ਅਤੇ ਸੋਨਾ ਆਪਸ ਵਿੱਚ ਵੰਡ ਲਿਆ ਜੋ ਬਾਕੀ ਦੀ ਰਕਮ ਅਤੇ ਸੋਨਾ ਸਰਬਜੀਤ ਸਿੰਘ ਉਰਫ ਸਾਬੀ ਪੁੱਤਰ ਰਜਿੰਦਰ ਸਿੰਘ ਵਾਸੀ ਪਿੰਡ ਢਪੱਈ ਥਾਣਾ ਸਦਰ ਕਪੂਰਥਲਾ ਹਾਲ ਵਾਸੀ ਸ਼ਿਵ ਕਾਲੋਨੀ ਨੇੜੇ ਸ਼ਿਵਾਲਾ ਮੰਦਰ ਸ਼ੇਖੂਪੁਰ ਕਪੂਥਰਲਾ ਅਤੇ ਅਕਾਸ਼ ਉਰਫ ਅਕਾਸ਼ੀ ਪੁੱਤਰ ਮਾਤਾ ਬਿੰਟੂ ਰੇੜੇਵਾਲਾ ਵਾਸੀ ਮੁਹੱਲਾ ਸੁੰਦਰ ਨਗਰ ਕਪੂਰਥਲਾ ਦੇ ਕਬਜ਼ੇ ਵਿੱਚ ਹੈ, ਜਿਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਬਾਕੀ ਦੀ ਰਕਮ ਅਤੇ ਸੋਨਾ ਬਰਾਮਦ ਕੀਤਾ ਜਾਵੇਗਾ ਜੋ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਅੱਗੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
