ਬਠਿੰਡਾ : ਟੋਲ ਟੈਕਸ ਦੀਆਂ ਨਵੀਆਂ ਦਰਾਂ ਬਠਿੰਡਾ ਤੋਂ ਮਲੋਟ ਜਾਣ ਵਾਲਿਆਂ ਨੂੰ ਹੁਣ ਆਪਣੀ ਜੇਬ ਢਿੱਲੀ ਕਰਨੀ ਪਵੇਗੀ। ਪਿੰਡ ਬੱਲੂਆਣਾ ਨੇੜੇ ਬਣੇ ਟੋਲ ਪਲਾਜ਼ਾ ’ਤੇ ਰੇਟ ਦੋ ਮਹੀਨਿਆਂ ਬਾਅਦ ਮੁੜ ਵਧਾ ਦਿੱਤੇ ਗਏ ਹਨ। ਇਸ ਕਾਰਨ ਹੁਣ ਕਾਰ ਲਈ 50 ਦੀ ਬਜਾਏ 55 ਰੁਪਏ ਦੇਣੇ ਪੈਣਗੇ। ਇਹ ਟੋਲ ਪਲਾਜ਼ਾ ਪਹਿਲੀ ਮਾਰਚ ਨੂੰ ਸ਼ੁਰੂ ਕੀਤਾ ਗਿਆ ਸੀ। ਪਹਿਲਾਂ ਇੱਥੇ ਕਾਰ ਲਈ 45 ਰੁਪਏ ਟੋਲ ਦੇਣਾ ਪੈਂਦਾ ਸੀ। ਪਹਿਲੀ ਅਪਰੈਲ ਨੂੰ ਜਦੋਂ ਨਵੇਂ ਵਿੱਤੀ ਵਰ੍ਹੇ ਵਿੱਚ ਇਨ੍ਹਾਂ ਦੇ ਰੇਟ ਵਧਾ ਦਿੱਤੇ ਗਏ ਸਨ ਤਾਂ ਬੱਲੂਆਣਾ ਟੋਲ ਪਲਾਜ਼ਾ ਦੇ ਰੇਟ ਵੀ ਵਧਾ ਦਿੱਤੇ ਗਏ ਸਨ। ਕਾਰ ਲਈ 50 ਰੁਪਏ ਕਰ ਦਿੱਤੇ ਸਨ। ਹੁਣ 5 ਰੁਪਏ ਦਾ ਹੋਰ ਵਾਧਾ ਕੀਤਾ ਗਿਆ ਹੈ।
ਦੋ ਮਹੀਨੇ ਬਾਅਦ ਹੀ ਟੋਲ ਪਲਾਜ਼ਾ ਦੇ ਰੇਟ ਵਧਾਉਣ ਪਿੱਛੇ ਤਰਕ ਇਹ ਹੈ ਕਿ ਗਿੱਦੜਬਾਹਾ ਤੋਂ ਮਲੋਟ ਨੂੰ ਆਉਂਦੀਆਂ ਨਹਿਰਾਂ ’ਤੇ ਓਵਰਬ੍ਰਿਜ ਬਣ ਚੁੱਕਾ ਹੈ ਜਿਸ ਨੂੰ ਵੀ ਹੁਣ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਦਾ ਖਰਚਾ ਹੁਣ ਟੋਲ ਪਲਾਜ਼ਾ ‘ਤੇ ਪਾ ਦਿੱਤਾ ਗਿਆ ਹੈ। ਜਦੋਂ ਕਿ ਨੈਸ਼ਨਲ ਹਾਈਵੇਅ ਦੇ ਨਿਯਮਾਂ ਅਨੁਸਾਰ 80 ਫੀਸਦੀ ਸੜਕ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਹੀ ਟੋਲ ਪਲਾਜ਼ਾ ਚਾਲੂ ਕੀਤਾ ਜਾ ਸਕਦਾ ਹੈ ਪਰ ਟੋਲ ਸ਼ੁਰੂ ਕਰਨ ਸਮੇਂ ਪੂਰੀ ਹੋ ਚੁੱਕੀ ਸੜਕ ਦਾ ਹੀ ਟੋਲ ਵਸੂਲਿਆ ਜਾਂਦਾ ਹੈ ਜਿਸ ਤੋਂ ਬਾਅਦ ਜਦੋਂ ਇਸ ਦਾ ਕੰਮ ਪੂਰਾ ਹੋ ਜਾਂਦਾ ਹੈ ਤਾਂ ਦੁਬਾਰਾ ਟੋਲ ਵਸੂਲੀ ਸ਼ੁਰੂ ਕਰ ਦਿੱਤੀ ਜਾਂਦੀ ਹੈ।
ਇਸ ਕਾਰਨ ਹੁਣ ਨਹਿਰਾਂ ਦਾ ਓਵਰਬ੍ਰਿਜ ਸ਼ੁਰੂ ਹੋਣ ’ਤੇ ਟੋਲ ਪਲਾਜ਼ਾ ਦੇ ਰੇਟ ਵਧਾ ਦਿੱਤੇ ਗਏ ਹਨ। ਦੂਜੇ ਪਾਸੇ ਟੋਲ ਪਲਾਜ਼ਾ ‘ਤੇ ਕਾਰ ਲਈ ਇਕ ਪਾਸੇ ਦਾ ਟੋਲ 55 ਰੁਪਏ ਹੈ ਤਾਂ ਦੋਵੇਂ ਪਾਸੇ ਟੋਲ 80 ਰੁਪਏ ਹੋਵੇਗਾ। ਦੂਜੇ ਪਾਸੇ ਇਸ ਟੋਲ ਪਲਾਜ਼ਾ ਦੇ ਸ਼ੁਰੂ ਹੋਣ ਨਾਲ ਬਠਿੰਡਾ ਤੋਂ ਮਲੋਟ ਤੱਕ ਬੱਸ ਵਿੱਚ ਸਫ਼ਰ ਕਰਨ ਵਾਲਿਆਂ ਦੀਆਂ ਜੇਬਾਂ ਵੀ ਢਿੱਲੀਆਂ ਹੋਣ ਲੱਗ ਪਈਆਂ ਹਨ। ਬਠਿੰਡਾ ਤੋਂ ਮਲੋਟ ਤੱਕ ਦਾ ਕਿਰਾਇਆ ਜੋ ਪਹਿਲਾਂ 65 ਰੁਪਏ ਸੀ, ਹੁਣ ਟੋਲ ਸ਼ੁਰੂ ਹੋਣ ਤੋਂ ਬਾਅਦ ਵਧ ਕੇ 70 ਰੁਪਏ ਹੋ ਗਿਆ ਹੈ।
ਉਸਾਰੀ ਦਾ ਕੰਮ 2020 ਵਿੱਚ ਸ਼ੁਰੂ ਹੋਇਆ
ਸੜਕ ਦੇ ਨਿਰਮਾਣ ਦਾ ਕੰਮ ਜੁਲਾਈ 2020 ਵਿੱਚ ਸ਼ੁਰੂ ਕੀਤਾ ਗਿਆ ਸੀ। ਲੋਕਾਂ ਦੀ ਐਮਰਜੈਂਸੀ ਸਹੂਲਤ ਲਈ ਇਸ ਸੜਕ ’ਤੇ ਫੋਨ ਵੀ ਲਗਾਏ ਗਏ ਹਨ। ਇਸ ਤੋਂ ਇਲਾਵਾ ਸੜਕ ‘ਤੇ ਕਈ ਥਾਵਾਂ ‘ਤੇ ਕੈਮਰੇ ਵੀ ਲਗਾਏ ਗਏ ਹਨ। ਇਹ ਸੜਕ ਬਠਿੰਡਾ ਤੋਂ ਸ੍ਰੀ ਗੰਗਾਨਗਰ ਤਕ ਬਣਾਈ ਜਾਣੀ ਹੈ। ਇਸ ਲਈ ਦੋ ਵੱਖ-ਵੱਖ ਟੈਂਡਰ ਜਾਰੀ ਕੀਤੇ ਗਏ ਹਨ। ਇਸ ਤਹਿਤ 107 ਕਿਲੋਮੀਟਰ ਸੜਕ ‘ਤੇ 950 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਜਾਣੇ ਹਨ। ਬਠਿੰਡਾ ਤੋਂ ਮਲੋਟ ਤੱਕ 38 ਕਿਲੋਮੀਟਰ ਖੇਤਰ ਦਾ ਕੰਮ 296 ਕਰੋੜ ਰੁਪਏ ਵਿੱਚ ਟੈਂਡਰ ਅਲਾਟ ਕਰਕੇ ਮੁਕੰਮਲ ਕਰ ਲਿਆ ਗਿਆ ਹੈ।
ਇਸ ਦੇ ਨਾਲ ਹੀ ਮਲੋਟ ਤੋਂ ਸਾਧੂਵਾਲੀ ਤਕ 69 ਕਿਲੋਮੀਟਰ ਦੇ ਰੂਟ ‘ਤੇ 687.86 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ ਬਠਿੰਡਾ ਤੋਂ ਸ੍ਰੀ ਗੰਗਾਨਗਰ ਤਕ ਸੜਕ ਦੇ ਨਿਰਮਾਣ ਲਈ ਮਲੋਟ ਅਤੇ ਅਬੋਹਰ ਤੋਂ ਬਾਈਪਾਸ ਬਣੇਗਾ। ਬਠਿੰਡਾ ਤੋਂ ਮਲੋਟ ਤਕ ਸੜਕ ਲਈ ਬਠਿੰਡਾ ਵਿੱਚ ਮੁਕਤਸਰ ਰੋਡ ਦੇ ਚੌਕ ਵਿੱਚ ਇੱਕ ਪੁਲ਼ ਤੇ ਗਿੱਦੜਬਾਹਾ ਵਿੱਚ ਦੋ ਪੁਲ਼ ਬਣਾਏ ਗਏ ਹਨ। ਇਸ ਤੋਂ ਇਲਾਵਾ ਪਿੰਡ ਜੰਡਵਾਲਾ ਵਿੱਚ ਇੱਕ ਅਤੇ ਪਿੰਡ ਕਰਮਗੜ੍ਹ ਛਤਰਾਂ ਵਿੱਚ ਇੱਕ ਪੁਲ ਬਣਾਇਆ ਗਿਆ ਹੈ। ਇਸ ਸਮੇਂ ਇਹ ਸਾਰੇ ਪੁਲ਼ ਚਾਲੂ ਹੋ ਚੁੱਕੇ ਹਨ। ਜਦਕਿ ਗਿੱਦੜਬਾਹਾ ਦੀਆਂ ਨਹਿਰਾਂ ਦੇ ਓਵਰਬ੍ਰਿਜ ਦਾ ਕੰਮ ਵੀ ਮੁਕੰਮਲ ਹੋ ਚੁੱਕਾ ਹੈ।
ਪੰਜ ਸਾਲ ਤਕ ਕਰਨੀ ਪਵੇਗੀ ਸਾਂਭ-ਸੰਭਾਲ
ਸੜਕ ਦਾ ਨਿਰਮਾਣ ਮੁਕੰਮਲ ਹੋਣ ਤੋਂ ਬਾਅਦ ਪੰਜ ਸਾਲਾਂ ਲਈ ਰੱਖ-ਰਖਾਅ ਵੀ ਕੀਤਾ ਜਾਵੇਗਾ। ਜਦੋਂਕਿ ਸੜਕ ਬਣਨ ਤੋਂ ਬਾਅਦ ਲੋਕਾਂ ਨੂੰ ਕਾਫੀ ਸਹੂਲਤ ਮਿਲੇਗੀ। ਇਸ ਦੇ ਨਾਲ ਹੀ ਇਸ ਹਾਈਵੇਅ ਤੋਂ ਰੋਜ਼ਾਨਾ ਕਰੀਬ 10 ਹਜ਼ਾਰ ਵਾਹਨ ਲੰਘਦੇ ਹਨ। ਇਸ ਰਾਹੀਂ ਲੋਕ ਬਠਿੰਡਾ ਤੋਂ ਮੁਕਤਸਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਤੋਂ ਹੁੰਦੇ ਹੋਏ ਰਾਜਸਥਾਨ ਦੇ ਸ੍ਰੀ ਗੰਗਾਨਗਰ ਪਹੁੰਚਦੇ ਹਨ। ਜਦੋਂਕਿ ਦੋ ਮਾਰਗੀ ਸੜਕ ’ਤੇ ਇੰਨੇ ਵਾਹਨਾਂ ਕਾਰਨ ਇਸ ਸੜਕ ’ਤੇ ਹਰ ਰੋਜ਼ ਹਾਦਸੇ ਵੀ ਵਾਪਰਦੇ ਰਹਿੰਦੇ ਹਨ।
ਇਨ੍ਹਾਂ ਵਿੱਚੋਂ ਬਠਿੰਡਾ ਦੇ ਪਿੰਡ ਬੱਲੂਆਣਾ ਅਤੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਦੌਲਾ ਥੇਹੜੀ ਨੇੜੇ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ। ਦੂਜੇ ਪਾਸੇ ਅਬੋਹਰ ਰੋਡ ’ਤੇ ਸੜਕ ਦੀ ਮਾੜੀ ਹਾਲਤ ਤੋਂ ਇਲਾਵਾ ਤੰਗ ਹੋਣ ਕਾਰਨ ਲੋਕ ਹਾਦਸਿਆਂ ਦਾ ਕਾਰਨ ਬਣਦੇ ਹਨ। ਇਸ ਦੇ ਨਾਲ ਹੀ ਸੜਕ ਬਣਨ ਨਾਲ ਕਾਰ ਰਾਹੀਂ 45 ਮਿੰਟ ਵਿੱਚ ਲੰਘਣ ਵਾਲਾ ਰਸਤਾ ਵੀ ਘਟ ਕੇ 35 ਮਿੰਟ ਰਹਿ ਜਾਵੇਗਾ।
ਬਠਿੰਡਾ ਮਲੋਟ ਰੋਡ ਤੋਂ 17 ਹਜ਼ਾਰ ਦਰੱਖਤ ਕੱਟੇ ਗਏ ਹਨ
77.36 ਹੈਕਟੇਅਰ ਰਕਬੇ ਵਿੱਚ ਦਰੱਖਤ ਕੱਟੇ ਗਏ ਹਨ।
ਬਠਿੰਡਾ ਵਿੱਚ 32.96 ਹੈਕਟੇਅਰ ਅਤੇ ਮੁਕਤਸਰ ਵਿੱਚ 44.40 ਹੈਕਟੇਅਰ ਰਕਬੇ ਵਿੱਚ ਦਰੱਖਤ ਕੱਟੇ ਗਏ ਹਨ।
ਬਠਿੰਡਾ ਵਿੱਚ 65.71 ਹੈਕਟੇਅਰ ਅਤੇ ਮੁਕਤਸਰ ਵਿੱਚ 88.80 ਹੈਕਟੇਅਰ ਰਕਬੇ ਵਿੱਚ ਨਵੇਂ ਰੁੱਖ ਲਗਾਏ ਜਾਣੇ ਹਨ।
ਸੜਕ ਨੂੰ ਚਹੁੰ-ਮਾਰਗੀ ਕਰਨ ਲਈ 17,865 ਦਰੱਖਤ ਕੱਟੇ ਗਏ
ਬਠਿੰਡਾ ਦੇ ਖੇਤਰ ਵਿੱਚ 7526 ਅਤੇ ਮੁਕਤਸਰ ਵਿੱਚ 10,339 ਦਰੱਖਤ ਕੱਟੇ ਗਏ।
ਬਠਿੰਡਾ ਵਿੱਚ 7133 ਵੱਡੇ ਦਰੱਖਤ ਅਤੇ 393 ਬਾਂਸ ਕੱਟੇ ਗਏ
ਮੁਕਤਸਰ ‘ਚ ਕੱਟੇ 5910 ਵੱਡੇ ਦਰੱਖਤ, 529 ਛੋਟੇ ਦਰੱਖਤ ਅਤੇ 3900 ਬਾਂਸ
ਇਹ ਹੋਵੇਗੀ ਟੋਲ ਦੀ ਨਵੀਂ ਦਰ
ਵਾਹਨ ਦੀ ਕਿਸਮ ਨਵੀਂ ਪੁਰਾਣੀ
ਕਾਰਾਂ, ਜੀਪਾਂ ਅਤੇ ਹਲਕੇ ਵਾਹਨ 55 —— 50
ਹਲਕੇ ਵਪਾਰਕ ਵਾਹਨ, ਮਿੰਨੀ ਬੱਸਾਂ 90 — 80
ਬੱਸ ਅਤੇ ਟਰੱਕ 185 ——— 170
3 ਐਕਸਲ ਵਪਾਰਕ ਵਾਹਨ 200——— 185
ਭਾਰੀ ਮਸ਼ੀਨਰੀ ਜਾਂ ਆਵਾਜਾਈ ਵਾਹਨ 290——— 270
7 ਐਕਸਲ ਤੋਂ ਵੱਧ ਵਾਲੇ ਵਾਹਨ 350 ——— 330
