ਗੁਰਾਇਆ : 23 ਸਾਲਾ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ । ਮ੍ਰਿਤਕ ਦੀ ਪਛਾਣ ਕਰਨ ਮੁਹੰਮਦ ਪੁੱਤਰ ਬੂਟਾ ਮੁਹੰਮਦ ਵਾਸੀ ਗੁਰਾਇਆ ਵਜੋਂ ਹੋਈ ਹੈ । ਪਰਿਵਾਰਕ ਮੈਂਬਰਾਂ ਵਿੱਚ ਪੰਜਾਬ ਸਰਕਾਰ ‘ਤੇ ਪੰਜਾਬ ਪੁਲੀਸ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ । ਪਰਿਵਾਰਕ ਮੈਂਬਰਾਂ ਨੇ ਕਿਹਾ ਜਦ ਤਕ ਦੋਸ਼ੀ ਨਹੀਂ ਫੜੇ ਜਾਂਦੇ ਉਦੋਂ ਤਕ ਕਫ਼ਨ ਦਫ਼ਨ ਨਹੀਂ ਕੀਤਾ ਜਾਵੇਗਾ ਅਤੇ ਇਨਸਾਫ਼ ਲੈਣ ਲਈ ਸੜਕਾਂ ਤੇ ਉਤਰਾਂਗੇ ।
ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕ ਕਰਨ ਵਾਲੀਬਾਲ ਅਤੇ ਫੁੱਟਬਾਲ ਦਾ ਖਿਡਾਰੀ ਸੀ । ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮਾਮੂਲੀ ਵਿਵਾਦ ਕਾਰਨ ਕੁਝ ਨੌਜਵਾਨਾਂ ਵਿੱਚ ਬਹਿਸਬਾਜ਼ੀ ਹੋ ਗਈ ਸੀ । ਜਿਸ ਦੇ ਚੱਲਦਿਆਂ ਬਹਿਸਬਾਜ਼ੀ ਨੇ ਖੂਨੀ ਰੂਪ ਧਾਰਨ ਕਰ ਲਿਆ ਸੀ । ਕੁਝ ਨੌਜਵਾਨਾਂ ਵੱਲੋਂ ਕਰਨ ਮੁਹੰਮਦ ਵਾਸੀ ਗੁਰਾਇਆ ਅਤੇ ਰਜਤ ਤੇ ਗੰਡਾਸੀਆਂ ਨਾਲ ਵਾਰ ਕਰਦੇ ਹੋਏ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਸੀ । ਸਿਰ ਵਿਚ ਦਾਤ ਵੱਜਣ ਨਾਲ ਕਰਨ ਮੁਹੰਮਦ ਗੰਭੀਰ ਰੂਪ ਚ ਜ਼ਖ਼ਮੀ ਹੋ ਗਿਆ ਸੀ । ਜਿਸ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ । ਪਿਛਲੇ ਕਈ ਦਿਨਾਂ ਤੋਂ ਕਰਨ ਮੁਹੰਮਦ ਜੌਹਲ ਹਸਪਤਾਲ ਜਲੰਧਰ ਵਿਖੇ ਜ਼ੇਰੇ ਇਲਾਜ ਦਾਖ਼ਲ ਸੀ । ਜਿਸ ਨੇ ਬੀਤੀ ਰਾਤ ਆਖ਼ਰੀ ਸਾਹ ਲੈਂਦੇ ਹੋਏ ਦਮ ਤੋੜ ਦਿੱਤਾ । ਇਸ ਸਬੰਧੀ ਗੁਰਾਇਆ ਪੁਲਿਸ ਵੱਲੋਂ ਮੰਗਾ ਸਿੰਘ ਪੁੱਤਰ ਸਤਨਾਮ ਸਿੰਘ , ਵਰਿੰਦਰ ਸਿੰਘ ਪੁੱਤਰ ਮੰਗਾ ਸਿੰਘ , ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਇੰਦਰਜੀਤ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕਰਦੇ ਹੋਏ ਮੁਲਜ਼ਮ ਮੰਗਾ ਸਿੰਘ ਪੁੱਤਰ ਸਤਨਾਮ ਸਿੰਘ ਨੂੰ ਕਾਬੂ ਕਰ ਲਿਆ ਸੀ ਅਤੇ ਗੁਰਾਇਆ ਪੁਲਸ ਵੱਲੋਂ ਬਾਕੀ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ ।
